ਚੰਡੀਗੜ੍ਹ: ਸੀਨੀਅਰ ਕਾਂਗਰਸੀ ਲੀਡਰ ਤੇ ਦੋ ਵਾਰ ਵਿਧਾਇਕ ਤੇ ਲੋਕ ਸਭਾ ਉਮੀਦਵਾਰ ਰਹਿ ਚੁੱਕੇ ਜੋਗਿੰਦਰ ਸਿੰਘ ਪੰਜਗਰਾਈਂ ਪਾਰਟੀ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਪੰਜਗਰਾਈਂ ਕਾਂਗਰਸ ਦੀ ਟਿਕਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਪਾਰਟੀ ਦੇ ਵੀ ਕਈ ਅਹੁਦਿਆਂ ਨੂੰ ਵੀ ਸੰਭਾਲਿਆ ਹੈ। ਕਾਂਗਰਸੀ ਲੀਡਰ ਪੰਜਗਰਾਈਂ ਨੂੰ ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ।
ਸਾਬਕਾ ਵਿਧਾਇਕ ਨੇ ਦੱਸਿਆ ਕਿ ਉਹ ਵਿੱਚ ਫ਼ਰੀਦਕੋਟ ਤੇ ਜੈਤੋ ਤੋਂ ਕਾਂਗਰਸ ਦੀ ਟਿਕਟ 'ਤੇ ਹੀ ਵਿਧਾਇਕ ਰਹਿ ਚੁੱਕੇ ਹਨ। ਪਾਰਟੀ ਨੇ ਹੀ ਉਨ੍ਹਾਂ ਨੂੰ 2014 ਦੀ ਲੋਕ ਸਭਾ ਚੋਣ ਵੀ ਲੜਵਾਈ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ। ਪੰਜਗਰਾਈਂ ਨੇ ਦੋਸ਼ ਲਾਇਆ ਕਿ ਕਾਂਗਰਸ ਚਾਪਲੂਸਾਂ ਦੀ ਪਾਰਟੀ ਬਣ ਗਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਜੋ ਵੀ ਕੰਮ ਹੋ ਰਹੇ ਹਨ, ਉਹ ਸੁਨੀਲ ਜਾਖੜ, ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਦੇ ਇਸ਼ਾਰੇ 'ਤੇ ਹੋ ਰਹੇ ਹਨ, ਹੋਰ ਕਿਸੇ ਦੀ ਵੀ ਪੁੱਛ ਪ੍ਰਤੀਤ ਨਹੀਂ। ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸ 'ਤੇ ਕਰੜੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੇ ਅਬੋਹਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਬੇਹੱਦ ਘਟੀਆ ਮਾਹੌਲ ਬਣਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉੱਥੇ ਕਈਆਂ 'ਤੇ ਗ਼ਲਤ ਪਰਚੇ ਦਰਜ ਕੀਤੇ ਗਏ ਹਨ, ਪਰਿਵਾਰ ਉਜਾੜ ਦਿੱਤੇ ਗਏ ਤੇ ਕੋਈ ਗਰੀਬ ਵਪਾਰੀ ਵੀ ਨਹੀਂ ਛੱਡੇ। ਉਨ੍ਹਾਂ ਦੋਸ਼ ਲਾਏ ਕਿ ਉੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ 'ਤੇ ਚੇਨ ਸਨੈਚਿੰਗ ਦੇ ਕੇਸ ਦਰਜ ਕੀਤੇ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਇਸ ਮੌਕੇ ਕਈ ਵਿਅਕਤੀਆਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਤੇ ਕਿਹਾ ਕਿ ਇਹ ਸਭ ਜਾਖੜ ਦੇ ਸਤਾਏ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਡਾ. ਸਲੋਨੀ ਸਨ, ਜਿਨ੍ਹਾਂ ਮੁਤਾਬਕ ਉਨ੍ਹਾਂ ਦੇ ਘਰ ਤੇ ਰਿਜ਼ੌਰਟ 'ਤੇ ਕਬਜ਼ਾ ਕਰ ਲਿਆ ਗਿਆ ਤੇ ਪੂਰੇ ਪਰਿਵਾਰ ਨੂੰ ਬੇਹੱਦ ਤੰਗ ਪ੍ਰੇਸ਼ਾਨ ਕੀਤਾ ਗਿਆ। ਇਸੇ ਤਰ੍ਹਾਂ ਇੱਕ ਹੋਰ ਵਕੀਲ ਅਮਿਤ ਸਤੀਜਾ ਨੇ ਵੀ ਦੋਸ਼ ਲਾਏ ਕਿ ਪੁਲਿਸ ਨੇ ਉਨ੍ਹਾਂ ਦੇ ਪਿਤਾ ਨੂੰ ਬਿਨਾਂ ਕਿਸੇ ਕਾਰਨ ਤੋਂ 45 ਦਿਨ ਹਵਾਲਾਤ ਵਿੱਚ ਰੱਖਿਆ। ਸੁਖਬੀਰ ਬਾਦਲ ਨੇ ਕਿਹਾ ਕਿ ਜਦ ਉੱਥੇ ਜਾ ਕੇ ਦੇਖੋ ਤਾਂ ਲੰਮੀ ਲਿਸਟ ਬਣ ਜਾਵੇਗੀ। ਉਨ੍ਹਾਂ ਇਨ੍ਹਾਂ ਮਾਮਲਿਆਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ।