ਚੰਡੀਗੜ੍ਹ: ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਪੰਜਾਬ ਪੁਲਿਸ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਵਿਚਾਲੇ ਜੰਗ ਹੋਰ ਤੇਜ਼ ਹੋ ਗਈ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਸ ਬਾਰੇ ਹੋਰ ਖੁਲਾਸੇ ਕਰਨਗੇ। ਜ਼ੀਰਾ ਨੇ ਕਿਹਾ ਹੈ ਕਿ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਨੀਰਜ ਸ਼ਰਮਾ ਉਨ੍ਹਾਂ ਦਾ ਪੀਏ ਨਹੀਂ।
ਪੁਲਿਸ ਨੇ ਨੀਰਜ ਸ਼ਰਮਾ ਨੂੰ 2015 ਦੇ ਇੱਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਚਰਚਾ ਹੈ ਕਿ ਗ੍ਰਿਫ਼ਤਾਰ ਨੀਰਜ ਸ਼ਰਮਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਪੀਏ ਹੈ। ਵਿਧਾਇਕ ਜ਼ੀਰਾ ਨੇ ਕਿਹਾ ਹੈ ਕਿ ਨੀਰਜ ਸ਼ਰਮਾ ਉਨ੍ਹਾਂ ਦਾ ਪੀਏ ਨਹੀਂ ਬਲਕਿ ਇੱਕ ਆਮ ਹਮਾਇਤੀ ਹੈ।
ਯਾਦ ਰਹੇ ਨੀਰਜ ਸ਼ਰਮਾ ਦੀ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਜਦੋਂ ਕੁਲਬੀਰ ਜ਼ੀਰਾ ਆਈਜੀ ਮੁਖਵਿੰਦਰ ਸਿੰਘ ਛੀਨਾ ਖ਼ਿਲਾਫ਼ ਡੀਜੀਪੀ ਸੁਰੇਸ਼ ਅਰੋੜਾ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਸੀ। ਜ਼ੀਰਾ ਨੇ ਕਿਹਾ ਆਈਜੀ ਛੀਨਾ ਜਿੰਨਾ ਵੀ ਪ੍ਰੈਸ਼ਰ ਪੁਲਿਸ ਪਾ ਲਵੇ ਪਰ ਉਹ ਆਪਣੀ ਆਵਾਜ਼ ਬੁਲੰਦ ਰੱਖਣਗੇ।
ਕੁਲਬੀਰ ਜ਼ੀਰਾ ਨੇ ਦਾਅਵਾ ਕੀਤਾ ਹੈ ਕਿ ਉਹ ਆਈਜੀ ਛੀਨਾ ਖ਼ਿਲਾਫ਼ ਨਵੇਂ ਖੁਲਾਸੇ ਕਰਨਗੇ। ਉਨ੍ਹਾਂ ਕਿਹਾ ਕਿ ਆਈਜੀ ਛੀਨਾ ਵੱਲੋਂ ਕੀਤੇ ਗਏ ਬੇਟੇ ਦੇ ਵਿਆਹ 'ਤੇ ਜਿਹੜਾ ਪੈਸਾ ਖਰਚ ਕੀਤਾ ਗਿਆ, ਉਸ ਦੀ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਏਗਾ। ਜ਼ੀਰਾ ਨੇ ਕਿਹਾ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਜਾਵੇਗੀ ਕਿ ਆਖਰਕਾਰ ਆਈਜੀ ਵੱਲੋਂ ਆਪਣੇ ਬੇਟੇ ਦੇ ਵਿਆਹ 'ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਗਈ।