ਚੰਡੀਗੜ੍ਹ: ਕਾਂਗਰਸ ਨੇ ਜ਼ਿਮਨੀ ਚੋਣ ਦਾ ਐਲਾਨ ਹੁੰਦਿਆਂ ਹੀ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਪਾਰਟੀ ਵਿੱਚੋਂ ਬਗ਼ਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਪਾਰਟੀ ਨੇ ਇਨ੍ਹਾਂ ਚਾਰ ਸੀਟਾਂ ਤੋਂ ਸਾਰੇ ਨਵੇਂ ਚਿਹਰੇ ਖੜ੍ਹੇ ਕੀਤੇ ਹਨ। ਹੁਣ ਇਨ੍ਹਾਂ ਸੀਟਾਂ ਤੋਂ ਟਿਕਟ ਦੀ ਆਸ 'ਤੇ ਬੈਠੇ ਸੀਨੀਅਰ ਲੀਡਰ ਪਾਰਟੀ ਤੋਂ ਖਾਸੇ ਨਾਰਾਜ਼ ਹਨ।
ਹਾਲਾਂਕਿ, ਚਾਰ ਸੀਟਾਂ ਵਿੱਚੋਂ ਮੁਕੇਰੀਆਂ ਸੀਟ ਦਾ ਵਿਰੋਧ ਨਹੀਂ ਹੋ ਰਿਹਾ। ਇੱਥੋਂ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਇੰਦੂਬਾਲਾ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਨੂੰ ਇੱਥੋਂ 'ਹਮਦਰਦੀ' ਵੋਟ ਮਿਲਣਾ ਤੈਅ ਹੈ। ਇਸ ਲਈ, ਇੱਥੇ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਕਰ ਰਿਹਾ। ਬਾਕੀ ਤਿੰਨ ਸੀਟਾਂ 'ਤੇ ਪਾਰਟੀ ਦੇ ਵੱਖ-ਵੱਖ ਲੀਡਰ ਨਾਰਾਜ਼ ਹਨ।
ਇਸ ਸਬੰਧੀ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਨੇ ਸਾਰੇ ਹਲਕਿਆਂ ਦੇ ਜ਼ਿਲ੍ਹਾ ਮੁਖੀਆਂ ਤੇ ਵਰਕਰਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਹੀ ਚਾਰੇ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿੱਥੋਂ ਤੱਕ ਪਾਰਟੀ ਨੇਤਾਵਾਂ ਦੀ ਨਾਰਾਜ਼ਗੀ ਦੀ ਗੱਲ ਹੈ, ਹਰ ਚੋਣ ਵਿੱਚ ਥੋੜੀ-ਬਹੁਤ ਨਾਰਾਜ਼ਗੀ ਤਾਂ ਹੁੰਦੀ ਹੀ ਹੈ। ਉਨ੍ਹਾਂ ਸਾਰਿਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮਨਾ ਲਿਆ ਜਾਏਗਾ। ਵੋਟਾਂ ਤੋਂ ਪਹਿਲਾਂ ਸਾਰਿਆਂ ਨੂੰ ਇਕ ਮੰਚ 'ਤੇ ਲਿਆਂਦਾ ਜਾਵੇਗਾ ਤੇ ਪਾਰਟੀ ਸਾਰੀਆਂ ਚਾਰ ਸੀਟਾਂ 'ਤੇ ਜਿੱਤ ਹਾਸਲ ਕਰੇਗੀ।
ਦੱਸ ਦੇਈਏ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਵਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇੱਥੋਂ ਪਹਿਲਾਂ ਚੋਣਾਂ ਲੜ ਚੁੱਕੇ ਮਲਕੀਤ ਸਿੰਘ ਹੀਰਾ ਨੂੰ ਟਿਕਟ ਦੀ ਉਮੀਦ ਸੀ, ਪਰ ਉਨ੍ਹਾਂ ਨੂੰ ਟਿਕਟ ਨਾ ਦਿੱਤੇ ਜਾਣ ਕਰਕੇ ਰਾਏ ਸਿੱਖ ਕਾਂਗਰਸ ਤੋਂ ਨਾਰਾਜ਼ ਹਨ। ਕਿਆਸ ਹਨ ਕਿ ਰਾਏ ਸਿੱਖ ਤਬਕਾ ਇੱਥੋਂ ਆਪਣਾ ਆਜ਼ਾਦ ਉਮੀਦਵਾਰ ਉਤਾਰ ਸਕਦਾ ਹੈ। ਇੱਥੇ ਉੱਭਰ ਰਿਹਾ ਹੰਸ ਰਾਜ ਜੋਸ਼ਨ ਗੁੱਟ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦਾ ਹੈ।
ਫਗਵਾੜਾ ਤੋਂ ਕਾਂਗਰਸ ਨੇ ਬਲਵਿੰਦਰ ਧਾਲੀਵਾਲ ਨੂੰ ਟਿਕਟ ਦਿੱਤੀ ਹੈ। ਸਾਬਕਾ ਆਈਏਐਸ ਹੋਣ ਦੇ ਨਾਲ-ਨਾਲ ਉਹ ਦਲਿਤ ਚਿਹਰਾ ਵੀ ਹਨ। ਇੱਥੋਂ ਦੇ ਸਥਾਨਕ ਪਾਰਟੀ ਲੀਡਰ ਧਾਲੀਵਾਲ ਨੂੰ ਟਿਕਟ ਦਿੱਤੇ ਜਾਣ ਤੋਂ ਖ਼ੁਸ਼ ਨਹੀਂ। ਪਹਿਲਾਂ ਚੋਣ ਲੜ ਚੁੱਕੇ ਜੋਗਿੰਦਰ ਸਿੰਘ ਮਾਨ ਵੀ ਨਾਰਾਜ਼ ਹਨ। ਇਸੇ ਤਰ੍ਹਾਂ ਦਾਖਾ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਮੇਜਰ ਸਿੰਘ ਭੈਣੀ, ਅਮਰੀਕ ਸਿੰਘ ਆਲੀਵਾਲ ਤੇ ਖਗੂੜਾ ਪਰਿਵਾਰ ਕੈਪਟਨ ਸੰਦੀਪ ਸੰਧੂ ਨੂੰ ਟਿਕਟ ਦੇਣ ਤੋਂ ਨਾਰਾਜ਼ ਹਨ।