ਚੰਡੀਗੜ੍ਹ: ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਫਰੰਟ ਪੰਜਾਬ ਨੇ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਜਾਅਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਪੰਜਾਬ ਰਾਜ ਫਾਰਮੇਸੀ ਕੌਂਸਲ ਵੱਲੋਂ ਕੀਤੀਆਂ ਗਈਆਂ ਰਜਿਸਟ੍ਰੇਸ਼ਨਾਂ ਸਬੰਧੀ ਕੀਤੀ ਜਾ ਰਹੀ ਜਾਂਚ ਪੜਤਾਲ ਵਿੱਚ ਕੀਤੀ ਜਾ ਰਹੀ ਦੇਰੀ ਦਾ ਗੰਭੀਰ ਨੋਟਿਸ ਲਿਆ ਹੈ।
ਫਰੰਟ ਦੇ ਸੂਬਾ ਕਨਵੀਨਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸੂਚਨਾ ਦੇ ਅਧਿਕਾਰ ਅਧੀਨ ਲਈ ਜਾਣਕਾਰੀ ਦੇ ਆਧਾਰ ਉਪਰ ਸਾਲ 2014 ਵਿੱਚ ਮੁੱਖ ਮੰਤਰੀ ਸਮੇਤ ਸਬੰਧਤ ਮੰਤਰੀਆਂ ਤੇ ਅਧਿਕਾਰੀਆਂ ਤੇ ਵਿਜੀਲੈਂਸ ਬਿਊਰੋ ਪੰਜਾਬ ਨੂੰ ਸ਼ਿਕਾਇਤ ਕੀਤੀ ਸੀ ਕਿ ਵੱਡੀ ਗਿਣਤੀ ਵਿੱਚ ਸਾਲ 2013 ਵਿੱਚ ਵਿਅਕਤੀਆਂ ਵੱਲੋਂ ਫਾਰਮੇਸੀ ਕਾਲਜਾਂ ਦੀ ਮਿਲੀਭੁਗਤ ਨਾਲ ਬਾਹਰਲੇ ਰਾਜਾਂ ਦੇ ਬੋਰਡਾਂ ਦੇ 10+2 (ਮੈਡੀਕਲ/ਨਾਨ ਮੈਡੀਕਲ) ਦੇ ਜਾਅਲੀ ਸਰਟੀਫਿਕੇਟ ਬਣਾ ਕੇ ਫਾਰਮੇਸੀ ਦਾ ਡਿਪਲੋਮਾ ਹਾਸਲ ਕਰਕੇ ਫਾਰਮੇਸੀ ਕੌਂਸਲ ਪਾਸ ਰਜਿਸਟਰ ਹੋਏ ਹਨ।
ਇਹ ਵਰਤਾਰਾ ਬੀਤੇ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਜਥੇਬੰਦੀ ਨੇ ਇਸ ਵਰਤਾਰੇ ਨੂੰ ਰੋਕਣ ਤੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ ਤੇ ਰਜਿਸਟਰਡ ਹੋਏ ਵਿਅਕਤੀਆਂ ਤੇ ਰਜਿਸਟ੍ਰੇਸ਼ਨਾਂ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਵਾਰ ਵਾਰ ਯਾਦ ਪੱਤਰ ਭੇਜਣ ਤੇ ਪੰਜਾਬ ਦੇ ਰਾਜਪਾਲ ਦੇ ਆਦੇਸ਼ਾਂ ਉਪਰ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ 16 ਮਈ 2017 ਨੂੰ ਸਾਲ 2000 ਤੋਂ 2013 ਤੱਕ ਦੀਆਂ ਰਜਿਸਟ੍ਰੇਸ਼ਨਾਂ ਦੀ ਵੇਰੀਫਿਕੇਸ਼ਨ ਕਰਨ ਲਈ ਵੱਖ ਵੱਖ ਮੈਡੀਕਲ ਕਾਲਜਾਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ ਪਰ ਅਜੇ ਤਕ ਇਸ ਵੇਰੀਫਿਕੇਸ਼ਨ ਦੇ ਕੰਮ ਨੂੰ ਪੂਰਾ ਨਹੀਂ ਕੀਤਾ ਗਿਆ।
ਜਥੇਬੰਦੀ ਵੱਲੋਂ ਵਾਰ-ਵਾਰ ਕੀਤੀਆਂ ਸ਼ਿਕਾਇਤਾਂ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਦਫਤਰ ਵੱਲੋਂ ਮੁਢਲੀ ਜਾਂਚ ਪੜਤਾਲ ਕਰਨ ਉਪਰੰਤ ਸਾਲ 2019 ਵਿੱਚ ਇਸ ਮਾਮਲੇ ਦੀ ਪੜਤਾਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਡਿਪਟੀ ਪੁਲਿਸ ਕਪਤਾਨ ਮੁਹਾਲੀ ਨੂੰ ਪੜਤਾਲ ਨੰਬਰ 4/19 ਅਧੀਨ ਰੈਗੂਲਰ ਇਨਕੁਆਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਡੀਐਸਪੀ ਮੁਹਾਲੀ ਵੱਲੋਂ ਵਾਰ-ਵਾਰ ਪੱਤਰ ਵਿਹਾਰ ਕਰਨ ਦੇ ਬਾਵਜੂਦ ਪੰਜਾਬ ਰਾਜ ਫਾਰਮੇਸੀ ਕੌਂਸਲ ਵੱਲੋਂ ਰਿਕਾਰਡ ਨਹੀਂ ਦਿੱਤਾ ਗਿਆ। ਹੁਣ ਜਦੋਂ ਪ੍ਰਿੰਸੀਪਲ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਆਦੇਸ਼ਾਂ ਤਹਿਤ ਫਾਰਮੇਸੀ ਕੌਂਸਲ ਨੂੰ ਰਿਕਾਰਡ ਦੇਣ ਲਈ ਮਜਬੂਰ ਹੋਣਾ ਪਿਆ ਹੈ ਤਾਂ ਇਹ ਰਿਕਾਰਡ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਦੇ ਦਫਤਰ ਵੱਲੋਂ ਆਪਣੇ ਪਾਸ ਰੱਖ ਕੇ ਜਾਂਚ ਪੜਤਾਲ ਨੂੰ ਜਾਮ ਕਰ ਦਿੱਤਾ ਗਿਆ ਹੈ।
ਜਥੇਬੰਦੀ ਨੇ ਦੋਸ਼ ਲਾਇਆ ਕਿ ਅਜਿਹਾ ਫਾਰਮੇਸੀ ਕੌਂਸਲ ਦੇ ਅਧਿਕਾਰੀਆਂ ਤੇ ਫਾਰਮੇਸੀ ਕਾਲਜਾਂ ਦੇ ਮਾਲਕਾਂ ਵਲੋਂ ਸਿਆਸੀ ਦਬਾਅ ਪਾ ਕੇ ਕੀਤਾ ਜਾ ਰਿਹਾ ਹੈ। ਸਵਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਥੇਬੰਦੀ ਦੇ ਪ੍ਰਤੀਨਿਧੀ ਮੰਡਲ ਨੇ ਚੀਫ ਡਾਇਰੈਕਟਰ, ਐਸਐਸਪੀ, ਡੀਐਸਪੀ, ਵਿਜੀਲੈਂਸ ਦੇ ਦਫਤਰਾਂ ਵਿਚ ਜਾ ਕੇ ਜਾਂਚ ਪੜਤਾਲ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਨਾਲ ਇਨਕੁਆਰੀ ਨੂੰ ਜਾਣਬੁੱਝ ਕੇ ਜਾਮ ਕਰ ਦਿੱਤਾ ਗਿਆ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਜਾਂਚ ਪੜਤਾਲ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਹੋਣ ਤੇ ਜਥੇਬੰਦੀ ਜਥੇਬੰਦਕ ਤੇ ਕਾਨੂੰਨ ਚਾਰਾਜੋਈ ਕਰਨ ਲਈ ਮਜਬੂਰ ਹੋਵੇਗੀ।
ਇਹ ਵੀ ਪੜ੍ਹੋ: Sidharth Shukla Funeral: ਸਿਧਾਰਥ ਸ਼ੁਕਲਾ ਦਾ ਸਸਕਾਰ, ਮਾਂ ਨੇ ਕੰਬਦੇ ਹੱਥਾਂ ਤੇ ਨਮ ਅੱਖਾਂ ਨਾਲ ਪੁੱਤਰ ਨੂੰ ਕੀਤਾ ਵਿਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin