ਬਰਨਾਲਾ: 32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 338ਵੇਂ ਦਿਨ ਵੀ ਪੂਰੇ ਜੋਸ਼ ਨਾਲ ਜਾਰੀ ਰਿਹਾ। ਅੱਜ ਬਰਨਾਲਾ 'ਚ ਸਵੇਰੇ ਤੋਂ ਹੀ ਮੀਂਹ ਵਰ੍ਹਦਾ ਰਿਹਾ ਪਰ ਕਿਸਾਨ ਮਰਦ ਤੇ ਔਰਤਾਂ, ਪਹਿਲਾਂ ਦੀ ਹੀ ਤਰ੍ਹਾਂ ਵੱਡੀ ਗਿਣਤੀ 'ਚ ਧਰਨੇ ਲਈ ਪਹੁੰਚੇ। ਵਰ੍ਹਦੇ ਮੀਂਹ 'ਚ 'ਖੇਤੀ ਕਾਨੂੰਨ ਰੱਦ ਕਰੋ' ਦੇ ਆਕਾਸ਼ ਗੁੰਜਾਊ ਨਾਹਰੇ ਲੱਗਦੇ ਰਹੇ।


ਅੱਜ ਬੁਲਾਰਿਆਂ ਨੇ ਬੀਤੇ ਕੱਲ੍ਹ ਪੰਜਾਬ ਪੁਲਿਸ ਵੱਲੋਂ ਮੋਗਾ ਵਿਖੇ ਕਿਸਾਨਾਂ 'ਤੇ ਕੀਤੇ ਵਲਾਠੀਚਾਰਜ ਦੀ ਚਰਚਾ ਤੇ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹਰਿਆਣਾ ਪੁਲਿਸ ਵੱਲੋਂ ਕੀਤੇ ਵਹਿਸ਼ੀ ਲਾਠੀਚਾਰਜ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਉਹੀ ਕਾਰਾ ਕੱਲ੍ਹ ਮੋਗੇ ਵਿਖੇ ਕੀਤਾ। ਖੱਟਰ ਨੂੰ ਡਾਇਰ ਕਹਿਣ ਵਾਲਾ ਕੈਪਟਨ ਖੁਦ ਵੀ ਉਸੇ ਰਾਹ 'ਤੇ ਚੱਲ ਪਿਆ। ਚਾਹੇ ਕਾਂਗਰਸ ਹੋਵੇ, ਅਕਾਲੀ ਹੋਣ ਜਾਂ ਬੀਜੇਪੀ,ਸਾਰੀਆਂ ਸਿਆਸੀ ਪਾਰਟੀਆਂ ਦੀ ਆਰਥਿਕ ਨੀਤੀ ਇੱਕੋ ਹੀ ਹੈ।


ਕਿਸਾਨ ਲੀਡਰਾਂ ਨੇ ਕਿਹਾ ਕਿ ਸਾਰੇ ਹੀ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੇ ਸਿਧਾਂਤ ਦੇ ਪੈਰੋਕਾਰ ਹਨ ਤੇ ਕਾਰਪੋਰੇਟਾਂ ਦੇ ਹਿੱਤਾਂ ਦੇ ਰਖਵਾਲੇ ਹਨ। ਇਸੇ ਲਈ ਕੱਲ੍ਹ ਜਦ ਕਿਸਾਨ ਅਕਾਲੀ ਪ੍ਰਧਾਨ ਤੋਂ ਖੇਤੀ ਕਾਨੂੰਨਾਂ ਬਾਰੇ  ਸਵਾਲ ਪੁੱਛਣ ਲਈ ਇਕੱਠੇ ਹੋਏ ਤਾਂ ਪੰਜਾਬ ਪੁਲਿਸ ਉਨ੍ਹਾਂ ਦੇ ਵਹਿਸ਼ੀ ਲਾਠੀਚਾਰਜ ਕੀਤਾ। ਕਿਸਾਨਾਂ ਨੂੰ ਆਪਣੇ ਸਾਂਝੇ ਦੁਸ਼ਮਣਾਂ ਦੀ ਸਹੀ ਨਿਸ਼ਾਨਦੇਹੀ ਤੇ ਕਤਾਰਬੰਦੀ ਕਰਕੇ ਸੰਘਰਸ਼ ਨੂੰ ਅੱਗੇ ਵਧਾਉਣਾ ਪਊ।


ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਜੋ ਨਵੇਂ ਮਾਪਦੰਡ ਤੈਅ ਕੀਤੇ ਹਨ, ਉਸ ਅਨੁਸਾਰ ਝੋਨੇ ਦੀ ਇੱਕ ਵੀ ਢੇਰੀ ਵੇਚਣੀ ਮੁਸ਼ਕਲ ਹੋ ਜਾਵੇਗੀ। ਦਰਅਸਲ ਸਰਕਾਰ ਫਸਲਾਂ ਦੀ ਸਰਕਾਰ ਖਰੀਦ ਤੋਂ ਆਪਣਾ ਹੱਥ ਪਿਛੇ ਖਿੱਚਣਾ ਚਾਹੁੰਦੀ ਹੈ। ਝੋਨੇ 'ਚ ਨਮੀ, ਟੋਟੇ ਤੇ ਬਦਰੰਗ ਦਾਣਿਆਂ ਆਦਿ ਦੀ ਪ੍ਰਤੀਸ਼ਤਤਾ ਬਾਰੇ ਮਾਪਦੰਡ ਪਹਿਲਾਂ ਹੀ ਬਹੁਤ ਸਖਤ ਹਨ ਜਿਨ੍ਹਾਂ ਨੂੰ ਸਰਕਾਰ ਹੋਰ ਸਖਤ ਕਰਨ ਦੀ ਤਜ਼ਵੀਜ਼ ਲੈ ਕੇ ਆਈ ਹੈ। ਇਹ ਫਰਮਾਨ ਸਰਕਾਰੀ ਖਰੀਦ ਬੰਦ ਕਰਨ ਵੱਲ ਵਧਦੇ ਕਦਮਾਂ ਦੀ ਆਹਟ ਹੈ। ਕਿਸਾਨ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਨੂੰ ਲਾਗੂ ਨਹੀਂ ਹੋਣ ਦੇਣਗੇ।


ਇਹ ਵੀ ਪੜ੍ਹੋ: Study in Abroad: ਪੰਜਾਬ ਦੇ ਵਿਦਿਆਰਥੀਆਂ 'ਚ ਵਧ ਰਿਹਾ ਵਿਦੇਸ਼ਾਂ 'ਚ ਪੜ੍ਹਨ ਦਾ ਰੁਝਾਨ, ਅੰਤਰਰਾਸ਼ਟਰੀ ਉਡਾਣਾਂ 'ਚ ਢਿੱਲ ਮਗਰੋਂ ਆਈ ਤੇਜ਼ੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904