ਚੰਡੀਗੜ੍ਹ: ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿਸੋਵਾਲ ਆਮ ਆਦਮੀ ਪਾਰਟੀ (ਆਪ) 'ਚ ਮੁੜ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ ਦੀ ਹਾਜ਼ਰੀ ਦੌਰਾਨ ਪਾਰਟੀ 'ਚ ਮੁੜ ਸ਼ਾਮਲ ਹੋਣ ਉਪਰੰਤ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਪਾਰਟੀ 'ਚ ਵਾਪਸੀ ਦਾ ਸੋਸ਼ਲ ਮੀਡੀਆ 'ਤੇ ਖ਼ੁਦ ਐਲਾਨ ਕੀਤਾ। ਕੁਝ ਦਿਨ ਪਹਿਲਾਂ ਹੀ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਪਾਰਟੀ ਵਿੱਚ ਵਾਪਸ ਆਏ ਸੀ।

ਜਗਤਾਰ ਸਿੰਘ ਜੱਗਾ ਨੇ ਕਿਹਾ, '' ਮੈਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਰਾਏਕੋਟ ਤੋਂ ਵਿਧਾਇਕ ਬਣਿਆ ਸੀ, ਪਰ ਕੁਝ ਕਾਰਨਾਂ ਤੇ ਗ਼ਲਤ ਫਹਿਮੀਆਂ ਕਾਰਨ ਮੈਂ ਗੁੰਮਰਾਹ ਹੋ ਗਿਆ ਸੀ। ਇਸ ਦੌਰਾਨ ਮੈਨੂੰ ਆਪਣੀ ਗਲਤੀ ਤੇ ਜ਼ਮੀਨੀ ਹਕੀਕਤ ਦਾ ਅਹਿਸਾਸ ਹੋਇਆ ਕਿ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਤੇ ਦੇਸ਼ ਦੇ ਲੋਕਾਂ ਦਾ ਕਲਿਆਣ ਕਰ ਸਕਦੀ ਹੈ। ਭ੍ਰਿਸ਼ਟ ਨਿਜ਼ਾਮ ਦਾ ਪਲਟਾ ਮਾਰ ਸਕਦੀ ਹੈ ਤੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਦਲਿਤਾਂ, ਵਪਾਰੀਆਂ-ਕਾਰੋਬਾਰੀਆਂ ਸਮੇਤ ਸਾਰੇ ਵਰਗਾਂ ਨੂੰ ਦਰਪੇਸ਼ ਸਮੱਸਿਆਵਾਂ-ਸੰਕਟਾਂ ਦਾ ਹੱਲ ਕਰ ਸਕਦੀ ਹੈ।''

ਜਗਤਾਰ ਸਿੰਘ ਜੱਗਾ ਨੇ ਕਿਹਾ ਕਿ ਉਹ ਪਾਰਟੀ 'ਚ ਕਿਸੇ ਅਹੁਦੇ-ਰੁਤਬੇ ਦੀ ਇੱਛਾ ਬਗੈਰ ਇੱਕ ਆਮ ਵਲੰਟੀਅਰ ਬਣ ਕੇ ਕੰਮ ਕਰਨਗੇ। ਜੱਗਾ ਹਿੱਸੋਵਾਲ ਨੇ ਕਿਹਾ, ''ਮੇਰੇ ਪਾਰਟੀ ਤੋਂ ਦੂਰ ਜਾਣ ਕਾਰਨ ਜਿੰਨਾ ਵਲੰਟੀਅਰਾਂ ਤੇ ਆਗੂਆਂ ਦੇ ਦਿਲਾਂ ਅਤੇ ਮਾਨ-ਸਨਮਾਨ ਨੂੰ ਠੇਸ ਪੁੱਜੀ ਸੀ, ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ।''