ਨਵੀਂ ਦਿੱਲੀ: ਲਗਪਗ ਸਮੁੱਚੇ ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਬੀਤੀ 26 ਨਵੰਬਰ ਤੋਂ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਦੇ ਕਿਸਾਨ ਭਾਰੀ ਗਿਣਤੀ ’ਚ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ਉੱਤੇ ਧਰਨਿਆਂ ਉੱਤੇ ਬੈਠ ਕੇ ਜ਼ੋਰਦਾਰ ਰੋਸ ਮੁਜ਼ਹਰੇ ਕਰ ਰਹੇ ਹਨ। ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਅੰਦੋਲਨ ਦੇ ਨਾਲ-ਨਾਲ ਇਨਸਾਨੀਅਤ ਦੀ ਮਿਸਾਲ ਵੀ ਵੇਖਣ ਨੂੰ ਮਿਲ ਰਹੀ ਹੈ।


ਮਹਿਲਾ ਕਿਸਾਨਾਂ ਲਈ ਸੈਨਿਟਰੀ ਪੈਡ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤੇ ਮਰੀਜ਼ ਨੂੰ ਲਿਜਾ ਰਹੀ ਐਂਬੂਲੈਂਸ ਨੂੰ ਕਿਸਾਨ ਲੰਘਣ ਲਈ ਰਾਹ ਦੇ ਰਹੇ ਹਨ। ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਗੱਲ ਦਾ ਖ਼ਿਆਲ ਕਿਸਾਨਾਂ ਵੱਲੋਂ ਪ੍ਰਦਰਸ਼ਨ ਦੌਰਾਨ ਰੱਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਕਿਸਾਨਾਂ ਦੀ ਇਨਸਾਨੀਅਤ ਵੇਖ ਲੋਕ ਹੈਰਾਨ ਹਨ।

ਸਥਾਨਕ ਲੋਕ ਕਿਸਾਨਾਂ ਤੋਂ ਇੰਨੇ ਪ੍ਰਭਾਵਿਤ ਹੋ ਰਹੇ ਕਿ ਉਨ੍ਹਾਂ ਨੂੰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਈ ਗ਼ੈਰ ਸਰਕਾਰੀ ਸੰਗਠਨ, ਸਮਾਜ ਸੇਵਕ ਤੇ ਵਿਦਿਆਰਥੀ ਵਿੰਗ ਵੀ ਅੱਗੇ ਆ ਰਹੇ ਹਨ। ਕਿਸਾਨਾਂ ਨੂੰ ਜ਼ਰੂਰੀ ਮੈਡੀਕਲ ਸੁਵਿਧਾ ਲਈ ਸਿਹਤ ਮੁਲਾਜ਼ਮਾਂ ਵੱਲੋਂ ਕੈਂਪ ਲਾਏ ਜਾ ਰਹੇ ਹਨ। ਕਈ ਕਾਰੋਬਾਰੀ ਤੇ ਫੈਕਟਰੀ ਮਾਲਕ ਵੀ ਕਿਸਾਨਾਂ ਲਈ ਕੰਬਲ, ਬਿੱਸਕੁਟ, ਦਵਾਈਆਂ ਤੇ ਹੋਰ ਸਾਮਾਨ ਲਿਆ ਰਹੇ ਹਨ।

ਕਿਸਾਨ ਜਥੇਬੰਦੀਆਂ ਇੱਕ ਪਾਸੇ ਦਿੱਲੀ ਤੇ ਹਰਿਆਣਾ ਬਾਰਡਰ ਉੱਤੇ ਡਟੀਆਂ ਹੋਈਆਂ ਹਨ। ਉੱਧਰ ਕੁਝ ਕਿਸਾਨ ਦਿੱਲੀ ਦੇ ਬੁਰਾੜੀਸਥਿਤ ਨਿਰੰਕਾਰੀ ਸਮਾਗਮ ਮੈਦਾਨ ਵਿੱਚ ਇਕੱਠੇ ਹੋਏ ਹਨ। ਕਿਸਾਨਾਂ ਵੱਲੋਂ ਸਾਫ਼-ਸਫ਼ਾਈ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਉਹ ਖਾਣ ਦੇ ਨਾਲ-ਨਾਲ ਆਲੇ-ਦੁਆਲੇ ਦੀ ਗੰਦਗੀ ਖ਼ੁਦ ਸਾਫ਼ ਕਰ ਕੇ ਸਫ਼ਾਈ ਦਾ ਸੰਦੇਸ਼ ਦੇ ਰਹੇ ਹਨ। ਕਈ ਸਮਾਜ ਸੇਵੀ ਜਥੇਬੰਦੀਆਂ ਵੀ ਉਨ੍ਹਾਂ ਦਾ ਹੱਥ ਵੰਡਾ ਰਹੀਆਂ ਹਨ।

ਨਵੇਂ ਖੇਤੀ ਕਾਨੂੰਨ ਵਾਪਸ ਲੈਣ ਲਈ ਕਿਸਾਨ ਜਥੇਬੰਦੀਆਂ ਲਗਾਤਾਰ ਕੇਂਦਰ ਸਰਕਾਰ ਉੱਤੇ ਦਬਾਅ ਬਣਾ ਰਹੀਆਂ ਹਨ। ਵੀਰਵਾਰ ਨੂੰ ਇਸ ਬਾਰੇ ਲਗਪਗ ਅੱਠ ਘੰਟੇ ਬੈਠਕ ਚੱਲੀ ਪਰ ਕੋਈ ਨਤੀਜਾ ਨਹੀਂ ਨਿਕਲਿਆ।