ਚੰਡੀਗੜ੍ਹ: ਇਰਾਕ ’ਚ ਫਸੇ ਪੰਜਾਬੀ ਨੌਜਵਾਨ 27 ਜੁਲਾਈ ਨੂੰ ਪਰਤਣਗੇ। ਇਹ ਦਾਅਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਟਰੈਵਲ ਏਜੰਟਾਂ ਵੱਲੋਂ ਕੀਤੀ ਧੋਖਾਧੜੀ ਸਦਕਾ ਪਿਛਲੇ ਅੱਠ ਮਹੀਨਿਆਂ ਤੋਂ ਇਰਾਕ ਦੇ ਇਰਬਿਲ ਸ਼ਹਿਰ ਅੰਦਰ ਫਸੇ ਸੱਤ ਪੰਜਾਬੀ ਨੌਜਵਾਨਾਂ ਨੂੰ 27 ਜੁਲਾਈ ਨੂੰ ਵਾਪਸ ਘਰ ਲਿਆਂਦਾ ਜਾਵੇਗਾ।


ਹਰਸਿਮਰਤ ਬਾਦਲ ਨੇ ਕਿਹਾ ਕਿ ਇਰਬਿਲ ਦੇ ਭਾਰਤੀ ਕੌਂਸਲ ਜਨਰਲ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਪਾਸਪੋਰਟਾਂ ’ਤੇ ਵਾਪਸੀ ਦੀਆਂ ਮੋਹਰਾਂ ਲੱਗ ਚੁੱਕੀਆਂ ਹਨ। ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਸੱਤ ਨੌਜਵਾਨਾਂ ਨੂੰ ਟਰੈਵਲ ਏਜੰਟਾਂ ਵੱਲੋਂ ਇਰਾਕ ਵਿੱਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗਿਆ ਗਿਆ ਸੀ।

ਇਸੇ ਦੌਰਾਨ ਬਿਕਰਮ ਮਜੀਠੀਆ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਵੱਲੋਂ ਮੁਸੀਬਤ ’ਚ ਫਸੇ ਪਰਵਾਸੀ ਭਾਰਤੀਆਂ ਦੀ ਮਦਦ ਲਈ ਹੈਲਪਲਾਈਨ ਸਥਾਪਤ ਕੀਤੀ ਜਾ ਚੁੱਕੀ ਹੈ। ਪਰਵਾਸੀ ਭਾਰਤੀ ਆਪਣੀ ਕਿਸੇ ਵੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਅਕਾਲੀ ਦਲ ਕੋਲ ਪਹੁੰਚ ਕਰ ਸਕਦੇ ਹਨ।