ਚੰਡੀਗੜ੍ਹ: ਸਾਬਕਾ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ। ਸੋਸ਼ਲ ਮੀਡੀਆ ਉੱਪਰ ਇਹ ਵੀ ਅਫਵਾਹਾਂ ਉੱਡੀਆਂ ਕਿ ਸੇਖਵਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਿਆ ਜਾ ਸਕਦਾ ਹੈ। ਇਨ੍ਹਾਂ ਅਫਵਾਹਾਂ ਉੱਪਰ ਸੇਖਵਾਂ ਨੇ ਖੁਦ ਹੀ ਵਿਰਾਮ ਲਾ ਦਿੱਤਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਚੋਣ ਨਹੀਂ ਲੜਨਗੇ।
ਹੁਣ ਸਵਾਲ ਉੱਠਦਾ ਹੈ ਕਿ ਜੇਕਰ ਸੇਖਵਾਂ ਨੇ ਚੋਣ ਹੀ ਨਹੀਂ ਲੜਨੀ ਤਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਿਉਂ ਹੋਏ? ਇਸ ਦਾ ਜਵਾਬ ਵੀ ਸੇਖਵਾਂ ਨੇ ਖੁਦ ਹੀ ਦੇ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕਦੇ ਚੋਣ ਨਹੀਂ ਲੜਾਂਗਾ। ਮੇਰਾ ਲੜਕਾ ਜਗਰੂਪ ਸਿੰਘ ਸੇਖਵਾਂ ਬਾਲਗ ਹੈ, ਉਹ ਆਪਣਾ ਫ਼ੈਸਲਾ ਆਪ ਕਰ ਸਕਦਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਆਪਣਿਆਂ ਤੋਂ ਹੀ ਨਰਾਜ਼ ਤੇ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਹਾਂ। ਇਸ ਤੋਂ ਸਪਸ਼ਟ ਹੈ ਕਿ ਸੇਖਵਾਂ ਨੇ ਆਪਣੇ ਬੇਟੇ ਦੇ ਸਿਆਸੀ ਭਵਿੱਖ ਨੂੰ ਵੇਖਦਿਆਂ ਇਹ ਫੈਸਲਾ ਲਿਆ ਹੈ।
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵੀਰਵਾਰ ਨੂੰ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ 'ਆਪ' 'ਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਮੇਤ ਪਾਰਟੀ ਦੀ ਸਮੁੱਚੀ ਪੰਜਾਬ ਇਕਾਈ ਨੇ ਸੇਖਵਾਂ ਤੇ ਉਨ੍ਹਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਦੀ ਪਾਰਟੀ 'ਚ ਰਸਮੀ ਸ਼ਮੂਲੀਅਤ ਕਰਵਾਈ।
ਸੂਤਰਾਂ ਮੁਤਾਬਕ ਸੇਖਵਾਂ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੇ ਬੇਟੇ ਦੇ ਸਿਆਸੀ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੇਖਵਾਂ ਦਾ ਕਹਿਣਾ ਹੈ ਕਿ ਸਾਡੀਆਂ ਤਿੰਨ ਪੀੜੀਆਂ ਅਕਾਲੀ ਦਲ ਨਾਲ ਜੁੜੀਆਂ ਰਹੀਆਂ। ਉਨ੍ਹਾਂ ਦੇ ਪਿਤਾ ਅਕਾਲੀ ਦਲ ਪਾਰਟੀ ਦੇ ਸੰਸਥਾਪਕਾਂ 'ਚੋਂ ਇੱਕ ਸਨ। ਉਨ੍ਹਾਂ ਬਿਨਾਂ ਝਿਜਕ ਸ਼੍ਰੋਮਣੀ ਅਕਾਲੀ ਦਲ ਸਮੇਤ ਡੈਮੋਕ੍ਰੇਟਿਕ ਤੇ ਅਕਾਲੀ ਦਲ ਟਕਸਾਲੀ 'ਤੇ ਗਿਲਾ ਕੀਤਾ ਕਿ ਉਹ ਪਿਛਲੇ 6-7 ਮਹੀਨੇ ਤੋਂ ਬਿਮਾਰ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਕਿਸੇ ਨੇ ਮੇਰਾ ਹਾਲ ਨਹੀਂ ਪੁੱਛਿਆ, ਜਦਕਿ ਕੇਜਰੀਵਾਲ ਸਿਆਸਤ ਤੋਂ ਉਪਰ ਉੱਠ ਕੇ ਮੇਰੇ ਪਿੰਡ ਮੇਰੇ ਘਰ ਮੇਰਾ ਹਾਲ-ਚਾਲ ਪੁੱਛਣ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦਾ ਰਿਣੀ ਹਾਂ ਤੇ ਐਲਾਨ ਕਰਦਾ ਹਾਂ ਕਿ ਮੈਂ, ਮੇਰਾ ਪਰਿਵਾਰ ਉਨ੍ਹਾਂ ਦੇ ਹੋ ਗਏ ਤੇ ਜਿੰਦਗੀ ਦਾ ਇੱਕ-ਇੱਕ ਸਾਹ ਹੁਣ ਆਮ ਆਦਮੀ ਪਾਰਟੀ ਲਈ ਬੀਤੇਗਾ। ਪਾਰਟੀ ਜਿਥੇ ਸੇਖਵਾਂ ਪਰਿਵਾਰ ਦੀਆਂ ਸੇਵਾਵਾਂ ਲਗਾਏਗੀ, ਪੂਰੀ ਤਨਦੇਹੀ ਨਾਲ ਨਿਭਾਈਆਂ ਜਾਣਗੀਆਂ।