ਅੰਮ੍ਰਿਤਸਰ: ਮਾਝੇ ਦੇ ਬਾਗ਼ੀ ਟਕਸਾਲੀ ਲੀਡਰਾਂ ਨੂੰ ਪਾਰਟੀ ਨੇ ਕੱਢਣ ਤੋਂ ਬਾਅਦ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਚੁੱਕੇ ਲੀਡਰਾਂ ਨੇ ਅਕਾਲੀ ਦਲ ਬਾਦਲ ਨੂੰ ਹੀ ਨਵੀਂ ਪਾਰਟੀ ਦਰਸਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਅਸਲ ਸਿਧਾਂਤਾਂ ਉੱਪਰ ਉਹ ਪਹਿਰਾ ਦੇ ਰਹੇ ਹਨ। ਟਕਸਾਲੀ ਲੀਡਰ 16 ਨਵੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਹੋ ਕੇ ਨਵੀਂ ਰਣਨੀਤੀ ਦਾ ਐਲਾਨ ਕਰਨਗੇ।
ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਉਹ ਕੋਈ ਨਵੀਂ ਪਾਪਟੀ ਨਹੀਂ ਬਣਾ ਰਹੇ ਬਲਕਿ ਸੰਨ 1920 ਵਿੱਚ ਗਠਿਤ ਹੋਏ ਅਕਾਲੀ ਦਲ ਦੇ ਸਿਧਾਂਤਾਂ ਨੂੰ ਜਿਊਂਦਾ ਕਰਨ ਜਾ ਰਹੇ ਹਾਂ। ਉਨ੍ਹਾਂ ਦਾ ਇਸ਼ਾਰਾ ਸੀ ਕਿ ਅਕਾਲੀ ਦਲ (ਬਾਦਲ) ਪਾਰਟੀ ਦੇ ਮੂਲ ਸਿਧਾਂਤਾਂ ਤੋਂ ਭਟਕ ਗਿਆ ਹੈ ਤੇ ਉਹ ਨਵੀਂ ਪਾਰਟੀ ਬਣਾ ਕੇ ਵੀ ਉਸੇ ਪੁਰਾਣੀ ਪਾਰਟੀ ਦੀ ਕਾਰਜਸ਼ੈਲੀ ਨੂੰ ਬਹਾਲ ਕਰਨਗੇ।
ਬਾਦਲ ਪਰਿਵਾਰ ਵੱਲੋਂ ਦਰਬਾਰ ਸਾਹਿਬ ਜਾ ਕੇ ਸੇਵਾ ਕਰਨ ਆਪਣੇ ਪਿਛਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗਣ ਬਾਰੇ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਸੱਤਾ ਦੌਰਾਨ ਗ਼ਲਤੀਆਂ ਨਹੀਂ ਬਲਕਿ ਗੁਨਾਹ ਕੀਤੇ ਹਨ, ਜੋ ਕਦੇ ਮੁਆਫ਼ ਨਹੀਂ ਹੁੰਦੇ। ਸੇਖਵਾਂ ਨੇ ਕਿਹਾ ਕਿ ਉਨ੍ਹਾਂ ਆਪਣੇ ਨਾਲ ਜੁੜਨ ਲਈ ਹਰੇਕ ਨੂੰ ਸੱਦਾ ਦਿੱਤਾ ਹੈ ਅਤੇ ਜੋ ਅਕਾਲੀ ਦਲ ਦੇ ਸਿਧਾਂਤਾਂ ਨਾਲ ਖੜ੍ਹਾ ਹੋਣਾ ਚਾਹੇਗਾ ਉਹੀ ਪਾਰਟੀ ਦਾ ਹਿੱਸਾ ਬਣੇਗਾ।