ਰਵੀ ਇੰਦਰ ਸਿੰਘ

ਚੰਡੀਗੜ੍ਹ: 10 ਸਾਲ 'ਰਾਜ ਨਹੀਂ ਸੇਵਾ' ਦਾ ਨਾਅਰਾ ਖ਼ੂਬ ਪ੍ਰਚਾਰਨ ਦੇ ਬਾਵਜੂਦ ਸੱਤਾ ਵਿਹੂਣੇ ਹੋਏ ਅਕਾਲੀ ਦਲ ਨੇ ਵਿਗੜੇ ਹੋਏ ਅਕਸ ਨੂੰ ਸੁਧਾਰਨ ਲਈ ਪੰਥਕ ਸਰੋਵਰ ਵਿੱਚ ਇੱਕ ਵਾਰ ਫਿਰ ਤੋਂ ਚੁੱਭੀ ਮਾਰ ਲਈ ਹੈ। ਸਾਬਕਾ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਪਰ੍ਹੇ ਧਰਾ ਕੇ ਪਾਰਟੀ ਉੱਪਰ ਸਰਪ੍ਰਸਤੀ ਦੀ ਵੱਡੀ ਛੱਤਰੀ ਤਾਣ ਦਿੱਤੀ ਹੈ। ਇਸ ਦਾ ਸਬੂਤ ਅਕਾਲੀ ਦਲ ਦੀ 'ਭੁੱਲ ਬਖ਼ਸ਼ਾਊ ਮੁਹਿੰਮ' ਤੋਂ ਸਾਫ਼ ਮਿਲਦਾ ਹੈ।

ਇਹ ਵੀ ਪੜ੍ਹੋ:  ਭੁੱਲਾਂ-ਚੁੱਕਾਂ ਬਖਸ਼ਾਉਣ ਗਏ ਬਾਦਲ ਕਰ ਬੈਠੇ ਕਈ ਹੋਰ 'ਭੁੱਲਾਂ'



ਜ਼ਿਆਦਾਤਰ ਆਪਣੇ ਸਹੁਰਾ ਪਰਿਵਾਰ ਦੇ ਵੱਡੇ ਸਪੂਤ ਨਾਲ ਦਿਖਾਈ ਦੇਣ ਵਾਲੇ ਸੁਖਬੀਰ ਬਾਦਲ ਵੀ ਹੁਣ ਪਰਿਵਾਰ ਨਾਲ ਖੜ੍ਹ ਗਏ ਹਨ। ਕਿਸੇ ਹੰਢੇ ਹੋਏ ਤੇ ਤਜ਼ਰਬੇਕਾਰ ਨਿਰਦੇਸ਼ਕ ਵਾਂਗ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਿੰਨ ਰੋਜ਼ਾ ਚੱਲਣ ਵਾਲੀ ਮੁਹਿੰਮ ਵਿੱਚ ਜਿੱਥੇ ਪੁੱਤਰ ਤੇ ਨੂੰਹ ਦੀਆਂ ਥਾਵਾਂ ਤੈਅ ਕੀਤੀਆਂ ਹਨ, ਉੱਥੇ ਹੀ ਆਪਣੇ ਕੁੜਮਾਂ ਦੇ ਕੋੜਮੇ ਦੀ ਥਾਂ ਵਿੱਚ ਵੀ ਨੀਤੀਗਤ ਬਦਲਾਅ ਕਰ ਦਿੱਤਾ ਹੈ।

ਸਬੰਧਤ ਖ਼ਬਰ: ਬਾਦਲਾਂ ਨੇ ਕੀਤੀ 'ਖਿਮਾ ਜਾਚਨਾ' ਕਿ ਭੁਗਤੀ ਧਾਰਮਿਕ ਸਜ਼ਾ..?

ਦਰਅਸਲ, ਬਿਕਰਮ ਮਜੀਠੀਆ ਨੇ ਬੀਤੇ ਕੱਲ੍ਹ ਬਾਦਲ ਪਰਿਵਾਰ ਦੇ ਸਾਰੇ ਖਿਮਾ ਜਾਚਨਾ ਪ੍ਰੋਗਰਾਮ ਦਾ ਹਿੱਸਾ ਨਾ ਬਣ ਕੇ ਸੰਗਤ ਦੀ ਸੰਗਤ ਕੀਤੀ ਤੇ ਅੱਜ ਵੀ ਉਹ ਵੱਖਰੇ ਤੌਰ 'ਤੇ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਨਿਭਾਅ ਰਹੇ ਹਨ। ਬਾਦਲ ਨੇ ਘੱਟ ਚਰਚਿਤ ਅਕਾਲੀ ਲੀਡਰਾਂ ਨੂੰ ਆਪਣੇ ਨਾਲ ਹੋਰਨਾਂ ਰੱਖਿਆ ਤੇ ਚਰਚਾ ਦਾ ਵਿਸ਼ਾ ਬਣਨ ਵਾਲੇ ਨੌਜਵਾਨ ਨੇਤਾ ਨੂੰ ਵਿੱਥ 'ਤੇ ਰੋਕ ਦਿੱਤਾ ਜਾਪਦਾ ਹੈ।

ਇਹ ਵੀ ਪੜ੍ਹੋ: ਹੁਣ ਭੁੱਲਾਂ ਬਖਸ਼ਾ ਕੇ ਹੀ ਬੋਲਣਗੇ ਬਾਦਲ

ਪਹਿਲਾਂ ਹਰ ਕਾਰਜ ਰਲਗੱਡ ਸੀ ਹੁਣ ਅੱਡ-ਅੱਡ ਹੋ ਗਿਆ ਹੈ। ਇਹ ਕਨਸੋਅ ਅਕਾਲੀ ਦਲ ਦੇ ਲੀਡਰਾਂ ਤੋਂ ਵੀ ਮਿਲਦੀ ਹੈ ਕਿ ਮਜੀਠੀਆ ਤੇ ਸੁਖਬੀਰ ਦੀ ਦੂਰੀ ਖ਼ਾਸ ਨੀਤੀ ਦਾ ਹਿੱਸਾ ਹੈ। ਇਹ 'ਆਈਡੀਆ' ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਾਥੀ ਟਕਸਾਲੀ ਅਕਾਲੀਆਂ ਦੇ ਰੋਸੇ ਤੋਂ ਵੀ ਹੋ ਸਕਦਾ ਹੈ।



ਸਬੰਧਤ ਖ਼ਬਰ: ਬਾਦਲ ਪਰਿਵਾਰ ਸਮੂਹ ਲੀਡਰਾਂ ਨਾਲ ਭੁੱਲਾਂ ਬਖਸ਼ਾਉਣ ਅਕਾਲ ਤਖ਼ਤ ਸਾਹਿਬ ਪਹੁੰਚਿਆ

ਮਾਝੇ ਦੇ ਤਿੰਨੇ ਟਕਸਾਲੀ ਲੀਡਰ ਸੁਖਬੀਰ ਨੂੰ ਪ੍ਰਧਾਨਗੀ ਤੇ ਮਜੀਠੀਆ ਦੀ ਚੌਧਰ ਤੋਂ ਖਾਸੇ ਤੰਗ ਸਨ ਤੇ ਦੋਵਾਂ ਦੀ ਅਕਾਲੀ ਦਲ ਤੋਂ ਬੰਦ ਖਲਾਸੀ ਚਾਹੁੰਦੇ ਸਨ। ਹਾਲਾਂਕਿ, ਬਾਦਲ ਗ਼ਲਬਾ ਤੋੜਨ ਲਈ ਆਵਾਜ਼ ਚੁੱਕਣ ਵਾਲੇ ਟਕਸਾਲੀ ਹੁਣ ਅਕਾਲੀ ਦਲ ਹਿੱਸਾ ਨਹੀਂ ਪਰ ਉਨ੍ਹਾਂ ਦੀਆਂ ਮੰਗਾਂ ਜ਼ਰੂਰ ਮੰਨੀਆਂ ਜਾ ਰਹੀਆਂ ਹਨ ਜਾਂ ਮੰਗਾਂ ਮੰਨੀਆਂ ਜਾਣ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।