ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਲੀਡਰਾਂ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਹਲਕਾ ਜਲਾਲਾਬਾਦ ਵਿੱਚ ਜਾ ਕੇ ਵੰਗਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਸੁਖਬੀਰ ਬਾਦਲ ਦੇ ਗ੍ਰਹਿ ਹਲਕਾ ਜਲਾਲਾਬਾਦ ਤੋਂ 'ਅਕਾਲੀ ਦਲ ਨੂੰ ਬਚਾਉਣ' ਦੀ ਸ਼ੁਰੂਆਤ ਕੀਤੀ।

ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਬਣਾਉਣ ਦੀ ਜ਼ਰੂਰਤ ਉਸ ਵੇਲੇ ਪਈ ਸੀ ਜਦੋਂ ਮਹੰਤਾਂ ਨੇ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਪਵਿੱਤਰ ਅਸਥਾਨਾਂ ਉੱਪਰ ਕਬਜ਼ਾ ਕਰ ਲਿਆ ਸੀ। ਉਸ ਵੇਲੇ ਰਾਜਨੀਤੀ ਉੱਪਰ ਵੀ ਪਰਿਵਾਰਵਾਦ ਦਾ ਬੋਲਬਾਲਾ ਹੋ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਅੱਜ ਫਿਰ ਨਿੱਜੀ ਹਿੱਤ ਪਾਲਣ ਵਾਲ਼ੇ ਸੁਖ਼ਬੀਰ ਬਾਦਲ ਤੇ ਉਸ ਦੇ ਰਿਸ਼ਤੇਦਾਰਾਂ ਨੇ ਅਕਾਲੀ ਦਲ ਉੱਪਰ ਕਬਜ਼ਾ ਕਰ ਲਿਆ ਹੈ।

ਸੇਖਵਾਂ ਨੇ ਐਲਾਨ ਕੀਤਾ ਕਿ ਜਲਦ ਹੀ ਪੰਜਾਬ ਦੇ ਲੋਕ ਇਨ੍ਹਾਂ ਨੂੰ ਲਾਂਭੇ ਕਰ ਦੇਣਗੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਕਰਕੇ ਅਸਤੀਫ਼ੇ ਦਿੱਤੇ ਹਨ। ਅਜਿਹੇ ਪਾਪੀਆਂ ਨੂੰ ਸਜ਼ਾਵਾਂ ਮਿਲਣ ਤੱਕ ਸੰਘਰਸ਼ ਜਾਰੀ ਰੱਖਾਂਗੇ।

ਇਸ ਮੌਕੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਐਲਾਨ ਕੀਤਾ ਕਿ ਉਹ 2019 ਦੀ ਲੋਕ ਸਭਾ ਚੋਣ ਇਸੇ ਹਲਕੇ ਤੋਂ ਲੜਨਗੇ ਪਰ ਕਿਸ ਪਾਰਟੀ ਵੱਲੋਂ ਲੜਨਗੇ, ਇਹ ਸਮਾਂ ਆਉਣ 'ਤੇ ਹੀ ਖੁਲਾਸਾ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮੈਨੂੰ ਟਿਕਟ ਤਾਂ ਦੇ ਦਿੱਤੀ ਗਈ ਪਰ ਅਕਾਲੀ ਦਲ ਨਾਲ ਸਬੰਧਤ ਲੋਕ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਰਹੇ।