ਅੰਮ੍ਰਿਤਸਰ: ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ 'ਤੇ ਹੋਏ ਹਮਲੇ ਮਗਰੋਂ ਸਰਹੱਦੀ ਇਲਾਕਿਆਂ ਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਸਮੇਤ ਨੇੜਲੇ ਇਲਾਕਿਆਂ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੇ ਥਾਂ-ਥਾਂ ਨਾਕਾਬੰਦੀ ਕਰ ਦਿੱਤੀ ਹੈ।


ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਵਿੱਚ ਨਿਰੰਕਾਰੀ ਡੇਰੇ 'ਤੇ ਹੋਏ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਅੱਜ ਐਤਵਾਰ ਹੋਣ ਕਰਕੇ ਡੇਰੇ ਵਿੱਚ ਸਮਾਗਮ ਸੀ। ਇਸ ਨੂੰ ਨਿਸ਼ਾਨਾ ਬਣਾ ਕੇ ਹੀ ਹਮਲਾ ਕੀਤਾ ਗਿਆ।

ਇਸ ਬਾਰੇ ਕਾਂਗਰਸੀ ਲੀਡਰ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਅੱਤਵਾਦ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਰਾਜਾਸਾਂਸੀ 'ਚ ਹੋਏ ਬੰਬ ਧਮਾਕੇ ਕਾਰਨ ਅੰਮ੍ਰਿਤਸਰ ਦੇ ਸਾਰੇ ਧਾਰਮਿਕ ਸਥਾਨਾਂ, ਸਕੂਲਾਂ-ਕਾਲਜਾਂ ਤੇ ਜਨਤਕ ਥਾਵਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਪੁਲਿਸ ਮੁਤਾਬਕ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਨਾਕਿਆਂ 'ਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਹਮਲਾਵਰਾਂ ਦੀ ਭਾਲ ਵਿੱਚ ਹੈ।