ਚੰਡੀਗੜ੍ਹ: ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਚਾਹੇ ਸਿਹਤ ਦਾ ਹਵਾਲਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਪਰ ਤਾਜ਼ਾ ਘਟਨਾਕ੍ਰਮ ਦੀ ਉਨ੍ਹਾਂ ਅੰਦਰ ਵੀ ਚੀਸ ਹੈ। ਢੀਂਡਸਾ ਨੇ ਅਸਤੀਫਾ ਦੇਣ ਮਗਰੋਂ ਚਾਹੇ ਕਦੇ ਵੀ ਲੀਡਰਸ਼ਿਪ ਦੀ ਅਲੋਚਨਾ ਨਹੀਂ ਕੀਤੀ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਅੰਦਰ ਕੁਝ ਗਲਤ ਜ਼ਰੂਰ ਹੋ ਰਿਹਾ ਹੈ।
ਢੀਂਡਸਾ ਨੇ ਸ਼ਨੀਵਾਰ ਨੂੰ ਸੰਗਰੂਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਮਗਰੋਂ ਕਿਹਾ ਕਿ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਤੋਂ ਬਾਹਰ ਕੱਢਣਾ ਸਹੀ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਦੀ ਜੇ ਕੋਈ ਗਲਤੀ ਸੀ ਤਾਂ ਨੋਟਿਸ ਭੇਜ ਕੇ ਪੱਖ ਸੁਣਨਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਟਕਸਾਲੀ ਲੀਡਰਾਂ ਨੂੰ ਇਸ ਤਰ੍ਹਾਂ ਲਾਂਭੇ ਕਰਨਾ ਠੀਕ ਨਹੀਂ। ਉਨ੍ਹਾਂ ਮੰਨਿਆ ਕਿ ਪਾਰਟੀ ਵਿੱਚੋਂ ਕੱਢੇ ਟਕਸਾਲੀ ਲੀਡਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਜੋਕੀ ਸਿਆਸਤ ਦਾ ਪੱਧਰ ਕਾਫ਼ੀ ਡਿੱਗ ਗਿਆ ਹੈ। ਯਾਦ ਰਹੇ ਢੀਂਡਸਾ ਤੋਂ ਉਲਟ ਅਕਾਲੀ ਲੀਡਰਸ਼ਿਪ ਇਨ੍ਹਾਂ ਲੀਡਰਾਂ ਨੂੰ ਗੱਦਾਰ ਤੱਕ ਕਹਿ ਰਹੀ ਹੈ। ਅਜਿਹੇ ਵਿੱਚ ਢੀਂਡਸਾ ਵੱਲੋਂ ਟਕਸਾਲੀਆਂ ਦੇ ਹੱਕ ਵਿੱਚ ਬੋਲਣਾ ਵੱਡੇ ਅਰਥ ਰੱਖਦਾ ਹੈ।
ਢੀਂਡਸਾ ਨੇ ਐਸਜੀਪੀਸੀ ਦੇ ਚੋਣ ਇਜਲਾਸ ਦੌਰਾਨ ਬੀਬੀ ਕਿਰਨਜੋਤ ਕੌਰ ਦੀ ਗੱਲ ਸੁਣੇ ਬਗੈਰ ਉਨ੍ਹਾਂ ਕੋਲੋਂ ਮਾਈਕ ਖੋਹਣ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਸਿੱਖ ਇਤਿਹਾਸ ਸਰੋਤ ਸੰਪਾਦਨਾ ਪ੍ਰਾਜੈਕਟ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੂੰ ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਮਾਮਲੇ ’ਚ ਐਸਜੀਪੀਸੀ ਨੇ ਡਾ. ਕਿਰਪਾਲ ਸਿੰਘ ਦਾ ਪੱਖ ਸੁਣੇ ਬਗੈਰ ਹੀ ਉਨ੍ਹਾਂ ਨੂੰ ਸੇਵਾ ਤੋਂ ਲਾਂਭੇ ਕਰ ਦਿੱਤਾ ਹੈ।