ਜਲੰਧਰ: ਇਰਾਕ 'ਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਨੇ ਸਰਕਾਰ ਵਿਰੁੱਧ ਫਿਰ ਬੇਵਿਸਾਹੀ ਦਾ ਪ੍ਰਗਟਾਵਾ ਕੀਤਾ ਹੈ। ਪੀੜਤ ਪਰਿਵਾਰਾਂ ਨੇ ਸਰਕਾਰ 'ਤੇ ਉਨ੍ਹਾਂ ਦਾ ਗੁਜ਼ਾਰਾ ਭੱਤਾ ਬੰਦ ਕਰਨ ਅਤੇ ਨੌਕਰੀ ਦੇਣ ਵਿੱਚ ਲਾਰੇ ਲਾਉਣ ਦੇ ਇਲਜ਼ਾਮ ਲਾਏ ਹਨ। ਕਈ ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਤਨਖ਼ਾਹ ਵਿੱਚ ਗੁਜ਼ਾਰਾ ਕਰਨਾ ਬੇਹੱਦ ਔਖਾ ਹੈ।

ਇਹ ਵੀ ਪੜ੍ਹੋ- ਇਰਾਕ ਦੁਖਾਂਤ: ਲਾਸ਼ ਬਣ ਅੰਮ੍ਰਿਤਸਰ ਪਰਤੇ 38 ਭਾਰਤੀ

ਜਲੰਧਰ ਪ੍ਰੈਸ ਕਲੱਬ ਵਿੱਚ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਗੁਰਦਾਸਪੁਰ ਤੇ ਬਟਾਲਾ ਦੇ ਪੀੜਤ ਪਰਿਵਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ 20,000 ਰੁਪਏ ਦੀ ਸਹਾਇਤਾ ਰਾਸ਼ੀ ਮਿਲਦੀ ਸੀ, ਜੋ ਹੁਣ ਬੰਦ ਹੋ ਗਈ ਹੈ। ਪਰ ਨਾਲ ਹੀ ਸਰਕਾਰ ਨੇ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਜੋ ਪੂਰਾ ਨਹੀਂ ਕੀਤਾ।

ਸਬੰਧਤ ਖ਼ਬਰ- ਮੀਡੀਆ ’ਚ ਸੁਰਖੀਆਂ ਮਗਰੋਂ ਜਾਗੀ ਸਰਕਾਰ, ਇਰਾਕ ਪੀੜਤਾਂ ਦੇ ਵਾਰਸਾਂ ਨੂੰ ਨੌਕਰੀ

ਪੀੜਤਾਂ ਵਿੱਚ ਪੰਜ-ਛੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ 5,300 ਰੁਪਏ ਪ੍ਰਤੀ ਮਹੀਨਾ ਮਿਹਨਤਾਨੇ ਵਾਲੀ ਨੌਕਰੀ ਦਿੱਤੀ ਗਈ ਹੈ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਣਾ ਵੀ ਔਖਾ ਹੈ। ਪੀੜਤਾਂ ਵਿੱਚ ਸ਼ਾਮਲ ਮਨੀਸ਼, ਸੰਤੋਸ਼ ਕੁਮਾਰ ਤੇ ਹੋਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਵਾਅਦੇ ਛੇਤੀ ਪੂਰੇ ਨਹੀਂ ਕੀਤੇ ਤਾਂ ਉਹ ਥਾਂ-ਥਾਂ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਣਗੇ।