ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਕੰਮੇਆਣਾ ਵਿੱਚ ਸਥਿਤ ਪੈਟਰੋਲ ਪੰਪ ਬਾਰੇ ਪਰਵਾਸੀ ਭਾਰਤੀ ਨੂੰ ਧੋਖੇ ਵਿੱਚ ਰੱਖ ਕੇ 50 ਲੱਖ ਰੁਪਏ ਵਿੱਚ ਸੌਦਾ ਕਰਨ ਦੇ ਦੋਸ਼ ਵਿੱਚ ਅਦਾਲਤ ਨੇ ਤਿੰਨ ਲੋਕਾਂ ਨੂੰ ਦੋ-ਦੋ ਸਾਲ ਦੀ ਕੈਦ ਅਤੇ ਦੋ-ਦੋ ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਹੈ। ਇਸ ਮਾਮਲੇ ਵਿੱਚ ਤਿੰਨੇ ਦੋਸ਼ੀ ਆਪਸ ਵਿੱਚ ਚਚੇਰੇ ਭਰਾ ਹਨ, ਜਿਨ੍ਹਾਂ 'ਚੋਂ ਦੋ ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਤੇ ਇੱਕ ਭਤੀਜਾ ਦੱਸੇ ਜਾ ਰਹੇ ਹਨ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਐਨਆਰਆਈ ਹਰਪਾਲ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਪਿੰਡ ਕੰਮੇਆਣਾ ਵਿੱਚ ਲੱਗਾ ਇੰਡੀਅਨ ਆਇਲ ਦਾ ਪੈਟਰੋਲ ਪੰਪ 50 ਲੱਖ ਰੁਪਏ ਵਿੱਚ ਖਰੀਦਿਆ ਸੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੈਟਰੋਲ ਪੰਪ ਫ਼ਰੀਦਕੋਟ ਦੇ ਇੱਕ ਆਜ਼ਾਦੀ ਘੁਲਾਟੀਏ ਦੇ ਨਾਂਅ 'ਤੇ ਅਲਾਟ ਹੋਇਆ ਸੀ, ਜੋ ਨਾ ਤਾਂ ਅੱਗੇ ਟ੍ਰਾਂਸਫਰ ਹੋ ਸਕਦਾ ਅਤੇ ਨਾ ਹੀ ਵੇਚਿਆ ਜਾ ਸਕਦਾ ਸੀ।
ਹਰਪਾਲ ਸਿੰਘ ਦੇ ਵਕੀਲ ਗੁਰਜਗਪਾਲ ਸਿੰਘ ਬਰਾੜ ਨੇ ਦੱਸਿਆ ਕਿ ਫ਼ਰੀਦਕੋਟ ਦੇ ਤਿੰਨ ਚਚੇਰੇ ਭਰਾਵਾਂ ਨੇ ਮਿਲ ਕੇ ਉਨ੍ਹਾਂ ਦੇ ਕਲਾਇੰਟ ਨਾਲ ਕਰੀਬ 50 ਲੱਖ ਦੀ ਠੱਗੀ ਮਾਰੀ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ 'ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਪਿਲ ਦੇਵ ਦੀ ਅਦਾਲਤ ਨੇ ਤਿੰਨੇ ਦੋਸ਼ੀਆਂ ਨੂੰ 2-2 ਸਾਲ ਦੀ ਕੈਦ ਅਤੇ 2-2 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਹੈ।