ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀਆਂ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਕੋਲ ਅੰਮ੍ਰਿਤਸਰ ਵਿੱਚ ਪੇਸ਼ ਹੋਣ ਤੋਂ ਮਨ੍ਹਾ ਕਰ ਦਿੱਤਾ ਹੈ। ਸੁਖਬੀਰ ਨੇ ਐਸਆਈਟੀ ਨੂੰ ਚਿੱਠੀ ਲਿਖ ਕਿਹਾ ਹੈ ਕਿ ਉਨ੍ਹਾਂ ਕੋਲੋਂ 19 ਨਵੰਬਰ ਨੂੰ ਚੰਡੀਗੜ੍ਹ ਵਿੱਚ ਹੀ ਪੁੱਛਗਿੱਛ ਕੀਤੀ ਜਾਵੇ। ਸੁਖਬੀਰ ਬਾਦਲ ਨੂੰ ਐਸਆਈਟੀ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਆਉਂਦੀ 19 ਤਾਰੀਖ਼ ਨੂੰ ਤਲਬ ਕੀਤਾ ਸੀ।

ਇਹ ਵੀ ਪੜ੍ਹੋ: ਬੇਅਦਬੀਆਂ ਤੇ ਗੋਲ਼ੀਕਾਂਡ: ਅਕਸ਼ੇ ਕੁਮਾਰ ਤੇ ਬਾਦਲ ਪਿਓ ਪੁੱਤ ਤੋਂ ਪੁੱਛਗਿੱਛ ਕਰੇਗੀ SIT

ਬੀਤੇ ਦਿਨ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਵਿੱਚ ਹੀ ਪੁੱਛਗਿੱਛ ਕੀਤੀ ਸੀ ਅਤੇ ਹੁਣ ਸੁਖਬੀਰ ਨੇ ਵੀ ਪਿਤਾ ਵਾਂਗ ਪੰਜਾਬ ਦੀ ਰਾਜਧਾਨੀ ਵਿੱਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਹੈ। ਹਾਲਾਂਕਿ, ਐਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਵਡੇਰੀ ਉਮਰ ਕਰਕੇ ਉਨ੍ਹਾਂ ਦੀ ਮਰਜ਼ੀ ਵਾਲੇ ਸਥਾਨ 'ਤੇ ਪੁੱਛਗਿੱਛ ਕਰਨ ਦੀ ਸੁਵਿਧਾ ਦਿੱਤੀ ਹੈ, ਪਰ ਸੁਖਬੀਰ ਨੇ ਪੇਸ਼ੀ ਦਾ ਥਾਂ ਬਦਲਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਬੀਤੀ 11 ਨਵੰਬਰ ਨੂੰ ਸੰਮਨ ਜਾਰੀ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਅਤੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਪੇਸ਼ ਹੋਣ ਲਈ ਸੰਮਣ ਭੇਜੇ ਗਏ ਸਨ। ਸੁਖਬੀਰ ਤੇ ਅਕਸ਼ੇ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਤਲਬ ਕੀਤਾ ਗਿਆ ਹੈ, ਪਰ ਸੁਖਬੀਰ ਨੇ ਇਸ ਮਾਮਲੇ ਵਿੱਚ ਕੁਝ ਰਿਆਇਤ ਮੰਗੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਕਤੂਬਰ 2015 ਵਿੱਚ ਵਾਪਰੀਆਂ ਬੇਅਦਬੀਆਂ ਤੇ ਗੋਲ਼ੀਕਾਂਡਾਂ ਦੀਆਂ ਘਟਨਾਵਾਂ ਵਿੱਚ ਤਤਕਾਲੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਹਿ ਗ੍ਰਹਿ ਮੰਤਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੋਵੇ।

ਇਹ ਵੀ ਪੜ੍ਹੋ: ਐਸਆਈਟੀ ਵੱਲੋਂ ਪੁੱਛਗਿੱਛ ਮਗਰੋਂ ਬਾਦਲ ਨੇ ਮੀਡੀਆ ਨੂੰ ਦੱਸੀ ਪੂਰੀ ਕਹਾਣੀ

ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਕੱਲ੍ਹ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਐਸਆਈਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧੀਨ ਹੋਣ ਦੇ ਦੋਸ਼ ਲਾਏ ਸਨ। ਬਾਦਲ ਨੇ ਇਹ ਵੀ ਕਿਹਾ ਸੀ ਕਿ ਅਕਤੂਬਰ 2015 ਵਿੱਚ ਬੇਅਦਬੀਆਂ ਦੇ ਰੋਸ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਗੋਲ਼ੀ ਚਲਾਉਣ ਸਬੰਧੀ ਪੁਲਿਸ ਨੂੰ ਉਨ੍ਹਾਂ ਕੋਈ ਹੁਕਮ ਨਹੀਂ ਸੀ ਦਿੱਤੇ।