ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਏਅਰਪੋਰਟ ਜਾਣ ਵਾਲੀਆਂ ਇੰਡੋ ਕੈਨੇਡੀਅਨ ਬੱਸਾਂ 'ਤੇ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮਾਨ ਦਾ ਇਹ ਬਿਆਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਸਰਕਾਰ ਬੱਸਾਂ ਵਿਰੁੱਧ ਕਾਰਵਾਈ 'ਤੇ 'ਆਪ' ਤੇ ਅਕਾਲੀ ਦਲ ਦੇ ਮਿਲੇ ਹੋਣ ਦਾ ਦੋਸ਼ ਲਾਉਣ ਤੋਂ ਬਾਅਦ ਆਇਆ ਹੈ।
ਬੈਂਸ ਦੇ ਬਿਆਨ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਆਉਂਦੇ ਦੋ ਦਿਨਾਂ ਵਿੱਚ ਇੰਡੋ ਕੈਨੇਡੀਅਨ ਬੱਸਾਂ 'ਤੇ ਕਾਰਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਹਵਾਈ ਅੱਡੇ ਲਈ ਜਾਂਦੀਆਂ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਪੰਜ ਸਰਕਾਰੀ ਏਸੀ ਬੱਸਾਂ ਦੇ ਦਿੱਲੀ ਵਿੱਚ ਚਲਾਨ ਕੀਤੇ ਜਾਣ ਦੀ ਖ਼ਬਰ ਆਈ ਸੀ।
ਇਸ ਘਟਨਾ ਨੂੰ ਬਾਦਲਾਂ ਦੀ ਮਲਕੀਅਤ ਵਾਲੀ ਏਅਰਪੋਰਟ ਨੂੰ ਬਗ਼ੈਰ ਰੋਕ ਟੋਕ ਚੱਲ ਰਹੀ ਇੰਡੋ ਕੈਨੇਡੀਅਨ ਬੱਸ ਸੇਵਾ ਨੂੰ ਕੁਝ ਨਾ ਕਹਿਣ ਅਤੇ ਪੰਜਾਬ ਦੀਆਂ ਸਰਕਾਰੀ ਬੱਸਾਂ ਵਿਰੁੱਧ ਪੁਲਿਸ ਦੀ ਸਖ਼ਤ ਕਾਰਵਾਈ ਨੂੰ ਬਦਲਾਖੋਰੀ ਦੀ ਸਿਆਸਤ ਤੋਂ ਪ੍ਰੇਰਿਤ ਸਮਝਿਆ ਜਾ ਰਿਹਾ ਹੈ। ਦਰਅਸਲ, ਸਰਕਾਰੀ ਬੱਸਾਂ ਦਾ ਕਿਰਾਇਆ ਕਾਫ਼ੀ ਘੱਟ ਹੋਣ ਕਾਰਨ ਬੱਸਾਂ ਵਿੱਚ ਸਵਾਰੀਆਂ ਨੱਕੋ-ਨੱਕ ਭਰੀਆਂ ਆਉਂਦੀਆਂ ਤੇ ਜਾਂਦੀਆਂ ਹਨ। ਪੰਜਾਬ ਰੋਡਵੇਜ਼ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਪੰਜਾਬ ਦੀਆਂ ਪੰਜ ਬੱਸਾਂ ਦੇ ਚਲਾਨ ਕੱਟੇ ਗਏ ਤੇ ਇਨ੍ਹਾਂ ਵਿੱਚੋਂ ਤਿੰਨ ਬੱਸਾਂ ਥਾਣੇ ਵੀ ਡੱਕੀਆਂ ਗਈਆਂ ਸਨ।
ਉਨ੍ਹਾਂ ਦੱਸਿਆ ਸੀ ਕਿ ਪੰਜਾਬ ਰੋਡਵੇਜ਼ ਦੀਆਂ ਨੌਂ ਤੇ ਪੀਆਰਟੀਸੀ ਦੀਆਂ ਛੇ ਬੱਸਾਂ ਰੋਜ਼ਾਨਾ ਦਿੱਲੀ ਨੂੰ ਜਾਂਦੀਆਂ ਹਨ। ਸਰਕਾਰੀ ਬੱਸਾਂ ਦਾ ਕਿਰਾਇਆ 1065 ਰੁਪਏ ਹੈ, ਜਦੋਂਕਿ ਬਾਦਲਾਂ ਦੀਆਂ ‘ਇੰਡੋ-ਕੈਨੇਡੀਅਨ’ ਬੱਸਾਂ ਦਾ ਕਿਰਾਇਆ 2800 ਤੋਂ ਲੈ ਕੇ 3000 ਰੁਪਏ ਤਕ ਹੈ। ਘੱਟ ਕਿਰਾਏ ਕਾਰਨ ਪਰਵਾਸੀ ਲੋਕ, ਸਰਕਾਰੀ ਬੱਸਾਂ ਨੂੰ ਪਹਿਲ ਦੇਣ ਲੱਗ ਪਏ ਹਨ। ਪਰ ਦਿੱਲੀ ਪੁਲਿਸ ਦੀ ਇਸ ਕਾਰਵਾਈ ਕਾਰਨ ਪੰਜਾਬ ਵਿੱਚ ਸਿਆਸੀ ਹਲਚਲ ਹੋਈ ਹੈ।