ਨਵੀਂ ਦਿੱਲੀ: ਦਿੱਲੀ ਤੋਂ ਉਡਾਣ ਭਰਨ ਵਾਲਿਆਂ ਤੇ ਇੱਥੇ ਪੁੱਜਣ ਵਾਲੇ ਯਾਤਰੀਆਂ ਨੂੰ ਆਪਣੀ ਜੇਬ੍ਹ ਹੋਰ ਢਿੱਲੀ ਕਰਨੀ ਪਏਗੀ। ਈ-ਕਾਮਰਸ ਟ੍ਰੈਵਲ ਵੈਬਸਾਈਟ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਹਵਾਈ ਅੱਡੇ ’ਤੇ ਤਿੰਨਾਂ ਵਿੱਚੋਂ ਇੱਕ ਰਨਵੇਅ ਬੰਦ ਹੋਣ ਕਾਰਨ ਹਫ਼ਤੇ ਦੇ ਅਖ਼ੀਰ ਤਕ ਉਡਾਣਾ ਦੇ ਕਿਰਾਏ ਵਿੱਚ 86 ਫੀਸਦੀ ਤਕ ਇਜ਼ਾਫ਼ਾ ਹੋਇਆ ਹੈ। ਇਸ ਰਨਵੇਅ ’ਤੇ ਮੁਰੰਮਤ ਦਾ ਕੰਮ ਜਾਰੀ ਹੈ। ਇਹ 15 ਨਵੰਬਰ ਤੋਂ 13 ਦਿਨਾਂ ਤਕ ਬੰਦ ਰੱਖਿਆ ਜਾਏਗਾ। ਦਿੱਲੀ ਤੋਂ ਮੁੰਬਈ, ਬੰਗਲੁਰੂ, ਹੈਦਰਾਬਾਦ, ਕੋਲਕਾਤਾ, ਚੇਨੰਈ ਤੇ ਹੋਰ ਥਾਵਾਂ ਦੇ ਕਿਰਾਏ ਵਧਾਏ ਗਏ ਹਨ।
ਉਡਾਣਾਂ ਦੇ ਕਿਰਾਏ ਵਿੱਚ ਕੀਤਾ ਇਹ ਵਾਧਾ ਅਗਲੇ ਹਫ਼ਤੇ ਤਕ ਰਹਿਣ ਦੀ ਸੰਭਾਵਨਾ ਹੈ। ਅਗਲੇ ਹਫ਼ਤੇ ਤਕ ਹਵਾਈ ਯਾਤਰਾ ਦੀ ਉੱਚੀ ਮੰਗ ਕਰਕੇ ਵੀ ਕਿਰਾਏ ਵਧਾਏ ਗਏ ਹਨ। ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਹਵਾਈ ਅੱਡੇ ਦਾ ਰਨਵੇਅ 27-09 ਤਕਰੀਬਨ ਦੋ ਹਫ਼ਤਿਆਂ ਲਈ ਬੰਦ ਕੀਤਾ ਗਿਆ ਹੈ। ਇਹ ਦੇਸ਼ ਦਾ ਸਭ ਤੋਂ ਰੁੱਝਿਆ ਹਵਾਈ ਅੱਡਾ ਹੈ। ਇੱਥੇ ਤਿੰਨ ਹਵਾਈ ਪੱਟੀਆਂ ਹਨ। ਇੱਕ ਹਵਾਈ ਪੱਟੀ ਬੰਦ ਹੋਣ ਕਾਰਨ ਰੋਜ਼ਾਨਾ 50 ਉਡਾਣਾਂ ਦਾ ਆਉਣਾ-ਜਾਣਾ ਘਟ ਜਾਏਗਾ। ਏਅਰਲਾਈਨ ਕੰਪਨੀਆਂ ਨੂੰ ਹਵਾਈ ਪੱਟੀ ਦੀ ਮੁਰੰਮਤ ਦੇ ਦਿਨਾਂ ਦੌਰਾਨ ਉਡਾਣਾਂ ਦੀ ਸਾਰਣੀ ਵਿੱਚ ਫੇਰਬਦਲ ਕਰਨ ਲਈ ਕਿਹਾ ਗਿਆ ਸੀ।
ਸ਼ੁੱਕਰਵਾਰ ਸ਼ਾਮ ਨੂੰ ਕਈ ਯਾਤਰਾ ਪੋਰਟਲ ਤਤਕਾਲ ਖਰੀਦੀਆਂ ਜਾਣ ਵਾਲੀਆਂ ਟਿਕਟਾਂ ਦੀ ਕੀਮਤ ਵਿੱਚ ਭਾਰੀ ਵਾਧਾ ਦਿਖਾ ਰਹੇ ਹਨ। 'ixigo' ਦੇ ਉਡਾਣ ਅੰਕੜਿਆਂ ਮੁਤਾਬਕ ਆਮ ਦਿਨਾਂ ਵਿੱਚ ਦਿੱਲੀ ਤੋਂ ਬੰਗਲੁਰੂ ਦੀ ਟਿਕਟ ਦੀ ਕੀਮਤ 11,044 ਰੁਪਏ ਹੁੰਦੀ ਹੈ ਜਦਕਿ ਸ਼ਨੀਵਾਰ ਨੂੰ ਇਸ ਦੀ ਕੀਮਤ 13,702 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਮੁੰਬਈ ਤੋਂ ਦਿੱਲੀ ਆਉਣ ਵਾਲੇ ਯਾਤਰੀਆਂ ਨੂੰ ਵੀ ਸ਼ਨੀਵਾਰ ਨੂੰ 11,060 ਰੁਪਏ ਖਰਚ ਕਰਨੇ ਪੈਣਗੇ। ਆਮ ਦਿਨਾਂ ਵਿੱਚ ਇਸ ਦਾ ਕਿਰਾਇਆ 9,228 ਰੁਪਏ ਹੁੰਦਾ ਹੈ।