ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਰਾਹਤ ਦਾ ਸਿਲਸਿਲਾ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਸ਼ਨੀਵਾਰ ਨੂੰ ਦਿੱਲੀ ਵਿੱਚ ਪੈਟਰੋਲ ਦਾ ਭਾਅ 77 ਰੁਪਏ ਫ਼ੀ ਲੀਟਰ ਤੋਂ ਘੱਟ ਕੇ 76.91 ਰੁਪਏ ਲੀਟਰ ਹੋ ਗਿਆ ਹੈ, ਜਦਕਿ ਡੀਜ਼ਲ ਦਾ ਭਾਅ ਘਟ ਕੇ 71.74 ਪੈਸੇ 'ਤੇ ਆ ਗਿਆ ਹੈ।
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆ ਰਹੀ ਭਾਰੀ ਗਿਰਾਵਟ ਕਾਰਨ ਪਿਛਲੇ ਇੱਕ ਮਹੀਨੇ ਵਿੱਚ ਪੈਟਰੋਲ 5 ਰੁਪਏ 92 ਪੈਸੇ ਸਸਤਾ ਹੋ ਗਿਆ ਹੈ, ਜਦਕਿ ਡੀਜ਼ਲ ਵਿੱਚ ਤਿੰਨ ਰੁਪਏ 84 ਪੈਸੇ ਕਮੀ ਆਈ ਹੈ।
ਇੰਡੀਅਨ ਔਇਲ ਦੀ ਵੈਬਸਾਈਟ ਮੁਤਾਬਕ, ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨੰਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 76.91 ਰੁਪਏ, 78.85 ਰੁਪਏ, 82.43 ਰੁਪਏ ਅਤੇ 79.87 ਰੁਪਏ ਫ਼ੀ ਲੀਟਰ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ ਚਾਰੇ ਮਹਾਂਨਗਰਾਂ ਵਿੱਚ ਡੀਜ਼ਲ ਕ੍ਰਮਵਾਰ 71.74 ਰੁਪਏ, 73.60 ਰੁਪਏ, 75.16 ਰੁਪਏ ਅਤੇ 75.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਦਿੱਲੀ ਵਿੱਚ ਬੀਤੀ ਛੇ ਸਤੰਬਰ ਨੂੰ ਡੀਜ਼ਲ ਦਾ ਭਾਅ 71.55 ਰੁਪਏ ਫ਼ੀ ਲੀਟਰ ਜੋ ਅੱਜ ਇਸ ਕੀਮਤ ਤੋਂ ਇੱਕ ਪੈਸੇ ਘੱਟ ਹੋ ਗਿਆ ਹੈ। ਡੀਜ਼ਲ ਚਾਰ ਅਕਤੂਬਰ ਨੂੰ ਸਭ ਤੋਂ ਉੱਚੇ 75.45 ਰੁਪਏ ਫ਼ੀ ਲੀਟਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ। ਉੱਧਰ, ਬੀਤੀ ਚਾਰ ਅਕਤੂਬਰ ਨੂੰ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 84 ਰੁਪਏ ਤਕ ਪਹੁੰਚ ਗਈ ਸੀ, ਜੋ ਹੁਣ ਕਾਫੀ ਘੱਟ ਗਈ ਹੈ। ਇਸ ਗਿਰਾਵਟ ਪਿੱਛੇ ਵੱਡਾ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 56.83 ਡਾਲਰ ਪ੍ਰਤੀ ਬੈਰਲ ਤਕ ਘਟ ਜਾਣਾ ਹੈ।