ਲੰਦਨ: ਸਥਾਨਕ ਹਾਈਕੋਰਟ ਨੇ ਕਥਿਤ ਬੁਕੀ ਸੰਜੀਵ ਕੁਮਾਰ ਚਾਵਲਾ ਨੂੰ ਭਾਰਤ ਦੇ ਹਵਾਲੇ ਕਰਨ ਖ਼ਿਲਾਫ਼ ਦਿੱਤਾ ਗਿਆ ਹੇਠਲੀ ਹਦਾਲਤ ਦਾ ਫੈਸਲਾ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਜੱਜ ਨੂੰ ਉਸ ਦੇ ਖ਼ਿਲਾਫ਼ ਸਪੁਰਦਗੀ ਦੀ ਕਾਰਵਾਈ ਦੁਬਾਰਾ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਯਾਦ ਰਹੇ ਕਿ ਹੇਠਲੀ ਅਦਾਲਤ ਨੇ ਤਿਹਾੜ ਜੇਲ੍ਹ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦਿਆਂ ਚਾਵਲਾ ਦੀ ਹਵਾਲਗੀ ’ਤੇ ਰੋਕ ਲਾ ਦਿੱਤੀ ਸੀ। ਇਸ ਤਾਜ਼ਾ ਫੈਸਲੇ ਬਾਅਦ ਬੈਂਕ ਧੋਖਾਧੜੀ ਦੇ ਮੁਲਜ਼ਮ ਵਿਜੈ ਮਾਲਿਆ ਦੀ ਹਵਾਲਗੀ ਵੀ ਆਸਾਨ ਹੋਣ ਦੀ ਉਮੀਦ ਲਾਈ ਜਾ ਰਹੀ ਹੈ।
ਚਾਵਲਾ ਉੱਤੇ ਕ੍ਰਿਕੇਟ ਮੈਚ ਦੀ ਫਿਕਸਿੰਗ ਕਰਨ ਦਾ ਇਲਜ਼ਾਮ ਹੈ। ਮੈਚ ਫਿਕਸਿੰਗ ਦ ਇਹ ਮਾਮਲਾ 2000 ਦਾ ਹੈ। ਇਸ ਵਿੱਚ ਦੱਖਣ ਅਫ਼ਰੀਕਾ ਦੇ ਸਾਬਕਾ ਕਪਤਾਨ ਹੈਂਸੀ ਕ੍ਰੋਨੀਏ ਨੇ ਵੀ ਆਪਣਾ ਦੋਸ਼ ਮੰਨਿਆ ਸੀ। ਕ੍ਰੋਨੀਏ ਦੀ ਹਵਾਈ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਪਿਛਲੇ ਸਾਲ ਉਸ ਨੇ ਆਪਣੀ ਹਵਾਲਗੀ ਖ਼ਿਲਾਫ਼ ਕੇਸ ਜਿੱਤ ਲਿਆ ਸੀ। ਵੈਸਟਮਿੰਸਟਰ ਮੈਜਿਸਟ੍ਰੇਟ ਨੇ ਕਿਹਾ ਸੀ ਕਿ ਤਿਹਾੜ ਜੇਲ੍ਹ ਵਿੱਚ ਉਸ ਦੇ ਮਨੁੱਖੀ ਅਧਿਕਾਰ ਨਿਸ਼ਚਿਤ ਨਹੀਂ ਕੀਤੇ ਜਾ ਸਕਦੇ। ਪਰ ਹੁਣ ਲੰਦਨ ਹਾਈ ਕੋਰਟ ਨੇ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸੁਰੱਖਿਅਤ ਸਥਿਤੀਆਂ ਸਬੰਧੀ ਭਾਰਤ ਸਰਕਾਰ ਦੇ ਦਿੱਤੇ ਭਰੋਸੇ ਨਾਲ ਸਹਿਮਤੀ ਜਤਾਈ ਹੈ।
ਵਿਜੈ ਮਾਲਿਆ ਦਾ ਗੱਲ ਕੀਤੀ ਜਾਏ ਤਾਂ ਬ੍ਰਿਟੇਨ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਵਿਜੈ ਮਾਲਿਆ ਨੇ ਕਿਹਾ ਸੀ ਕਿ ਪੁਣੇ ਦੀ ਆਰਥਰ ਰੋਡ ਜੇਲ੍ਹ ਦੇ 12 ਨੰਬਰ ਬੈਰਕ ਵਿੱਚ ਢੁਕਵੀਂ ਕੁਦਰਤੀ ਰੌਸ਼ਨੀ ਦਾ ਪ੍ਰਬੰਧ ਨਹੀਂ ਹੈ। ਇਸ ਪਿੱਛੋਂ ਅਦਾਲਤ ਨੇ ਭਾਰਤੀ ਅਧਿਕਾਰੀਆਂ ਤੋਂ ਬੈਰਕ ਦੀ ਵੀਡੀਓ ਦੀ ਮੰਗ ਕੀਤੀ ਸੀ। ਸੀਬੀਆਈ ਨੇ ਬ੍ਰਿਟੇਨ ਦੀ ਅਦਾਲਤ ਵਿੱਚ ਜੇਲ੍ਹ ਦੀ 8 ਮਿੰਟਾਂ ਦੀ ਵੀਡੀਓ ਪੇਸ਼ ਕੀਤੀ ਸੀ। ਸੀਬੀਆਈ ਨੇ ਇਹ ਵੀ ਕਿਹਾ ਸੀ ਕਿ ਜੇਲ੍ਹ ਇੰਨੀ ਵੱਡੀ ਹੈ ਕਿ ਮਾਲਿਆ ਆਸਾਨੀ ਨਾਲ ਟਹਿਲ ਸਕਦਾ ਹੈ।