ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਪਿਛਲੇ ਇੱਕ ਹਫ਼ਤੇ ਵਿੱਚ 63 ਜਣਿਆਂ ਦੀ ਜਾਨ ਲੈ ਚੁੱਕੀ ਹੈ। ਸੂਬੇ ਭਰ ਵਿੱਚ ਹੁਣ ਤਕ ਤਕਰੀਬਨ 12,000 ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਅਧਿਕਾਰੀਆਂ ਮੁਤਾਬਕ, ਅੱਗ ਕਾਰਨ 631 ਲੋਕ ਲਾਪਤਾ ਹਨ। ਅੱਗ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੂਬੇ ਦਾ ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ, ਜਿਸ ਦੇ ਮੁੜ ਵਸੇਬੇ ਵਿੱਚ ਕਈ ਸਾਲ ਲੱਗ ਸਕਦੇ ਹਨ।

ਪੂਰੇ ਸੂਬੇ ਵਿੱਚ ਅੱਗ ਨਾਲ ਨਜਿੱਠਣ ਲਈ 9,400 ਕਰਮਚਾਰੀ ਅੱਗ ਬੁਝਾਉਣ ਵਿੱਚ ਰੁੱਝੇ ਹੋਏ ਹਨ। ਤੇਜ਼ ਹਵਾਵਾਂ ਕਾਰਨ ਅੱਗ ਨਵੇਂ ਇਲਾਕਿਆਂ ਵਿੱਚ ਵੀ ਫੈਲ ਰਹੀ ਹੈ। ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੁਖੀ ਬ੍ਰਾਕ ਲੌਂਗ ਨੇ ਦੱਸਿਆ ਕਿ ਪੈਰਾਡਾਈਜ਼ ਲਈ ਇਹ ਬੇਹੱਦ ਗੰਭੀਰ ਕੁਦਰਤੀ ਆਫ਼ਤ ਸੀ। ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਨੂੰ ਲੱਭਣ ਲਈ ਫੌਰੈਂਸਿਕ ਟੀਮ, ਫ਼ੌਜ ਤੇ ਖੋਜੀ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਨੂੰ ਪੂਰੀ ਹੋਣ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ। ਪਿਛਲੇ ਤਿੰਨ ਦਿਨਾਂ ਵਿੱਚ ਗੁੰਮਸ਼ੁਦਾ ਲੋਕਾਂ ਦੀ ਸੂਚੀ ਤਿੰਨ ਗੁਣਾ ਹੋ ਗਈ ਹੈ।

ਇਹ ਵੀ ਦੇਖੋ: ਮਹੀਨੇ ਦੇ ਅੰਤ ਤਕ ਵੀ ਨਹੀਂ ਬੁਝੇਗੀ ਕੈਲੀਫ਼ੋਰਨੀਆਂ ਦੀ ਅੱਗ..!

ਕੈਲੀਫ਼ੋਰਨੀਆ ਦੇ ਅੱਗ ਬੁਝਾਊ ਵਿਭਾਗ ਮੁਤਾਬਕ ਹੁਣ ਤਕ 40% ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਫ਼ਸਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਹਨ ਪਰ ਫਿਰ ਵੀ ਇਸ ਮਹੀਨੇ ਦੇ ਅੰਤ ਤਕ ਵੀ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕੇਗਾ। ਅੱਗ ਦੀ ਮਾਰ ਹੇਠ ਆ ਕੇ ਹੁਣ ਤਕ 1,45,000 ਏਕੜ ਤਕ ਦਾ ਇਲਾਕਾ ਬਰਬਾਦ ਹੋ ਚੁੱਕਿਆ ਹੈ।

ਹਾਲਾਂਕਿ, ਅੱਗ ਲੱਗਣ ਦੇ ਕਾਰਨਾਂ ਬਾਰੇ ਅਧਿਕਾਰੀਆਂ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਉੱਧਰ ਕੁਝ ਲੋਕਾਂ ਨੇ ਕੈਲੀਫੋਰਨੀਆ ਦੀ ਪੈਸਿਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਪੈਸੇਫਿਕ ਦੇ ਸ਼ੇਅਰ ਵੀ 31% ਤਕ ਡਿੱਗ ਚੁੱਕੇ ਹਨ, ਜਿਸ ਕਾਰਨ ਕੰਪਨੀ ਨੂੰ 16 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਦੋ ਬਿਜਲੀ ਕੰਪਨੀਆਂ ਵਿਰੁੱਧ ਜਾਂਚ ਕਰਵਾਉਣ ਸਬੰਧੀ ਐਲਾਨ ਕੀਤਾ ਸੀ।