ਕੈਪਟਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਐਸਆਈਟੀ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀ ਹੈ। ਕੈਪਟਨ ਨੇ ਬਾਦਲ ਵੱਲੋਂ ਲਾਏ ਐਸਆਈਟੀ ਉੱਪਰ ਮੁੱਖ ਮੰਤਰੀ ਦੇ ਪ੍ਰਭਾਵ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਜਾਂਚ ਕਰਤਾਵਾਂ ਦੀ ਮਰਜ਼ੀ ਹੈ ਕਿ ਉਹ ਕਿਸ ਤਰੀਕੇ ਨਾਲ ਜਾਂਚ ਨੂੰ ਸਿਰੇ ਚਾੜ੍ਹਨਗੇ।
ਇਹ ਵੀ ਪੜ੍ਹੋ: ਐਸਆਈਟੀ ਵੱਲੋਂ ਪੁੱਛਗਿੱਛ ਮਗਰੋਂ ਬਾਦਲ ਨੇ ਮੀਡੀਆ ਨੂੰ ਦੱਸੀ ਪੂਰੀ ਕਹਾਣੀ
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਐਸਆਈਟੀ ਵਿੱਚ ਬੇਹੱਦ ਕਾਬਲ ਅਫ਼ਸਰ ਮੌਜੂਦ ਹਨ ਅਤੇ ਉਹ ਕਿਸੇ ਨੂੰ ਵੀ ਸੰਮਨ ਕਰਨ ਲਈ ਆਜ਼ਾਦ ਤੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਦੋਸ਼ੀ ਪਾਇਆ ਤਾਂ ਇਸ 'ਤੇ ਅਗਲੀ ਕਾਰਵਾਈ ਅਦਾਲਤ ਵੱਲੋਂ ਕੀਤੀ ਜਾਣੀ ਹੈ। ਕੈਪਟਨ ਨੇ ਬਾਦਲ ਦੇ ਪਹਿਲੀ ਵਾਰ ਕਿਸੇ ਸਾਬਕਾ ਮੁੱਖ ਮੰਤਰੀ ਨੂੰ ਸੰਮਨ ਕਰਨ ਦੇ ਦਾਅਵੇ ਨੂੰ ਝੁਠਲਾਉਂਦਿਆਂ ਕਿਹਾ ਕਿ ਬਾਦਲ ਦੀ ਸਰਕਾਰ ਸਮੇਂ ਉਨ੍ਹਾਂ ਨੂੰ ਪੁਲਿਸ ਨੇ ਪਟਿਆਲਾ ਦੇ ਸਰਕਟ ਹਾਊਸ ਵਿੱਚ ਤਲਬ ਕੀਤਾ ਸੀ ਅਤੇ ਉਹ ਉੱਥੇ ਪਹੁੰਚੇ ਵੀ ਸਨ।
ਇਹ ਵੀ ਪੜ੍ਹੋ: SIT ਨੇ ਲਾਈ ਬਾਦਲ ਨੂੰ ਸਵਾਲਾਂ ਦੀ ਝੜੀ
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਐਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਵਿੱਚ ਹੀ ਪੁੱਛਗਿੱਛ ਕੀਤੀ ਗਈ ਸੀ। ਚਾਲੀ ਮਿੰਟ ਸਵਾਲ ਜਵਾਬ ਕਰ ਐਸਆਈਟੀ ਦੇ ਜਾਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮੀਡੀਆ ਸਨਮੁਖ ਆਏ ਤੇ ਫਿਰ ਤੋਂ ਐਸਆਈਟੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਾਏ ਸਨ ਕਿ ਅਫ਼ਸਰ ਜੋ ਮਰਜ਼ੀ ਪੜਤਾਲ ਕਰਨ ਪਰ ਅੰਤਮ ਰਿਪੋਰਟ ਤਾਂ ਕੈਪਟਨ ਨੇ ਹੀ ਲਿਖਣੀ ਹੈ।