ਚੰਡੀਗੜ੍ਹ: ਤਨਖਾਹ ਕਟੌਤੀ ਖਿਲਾਫ ਅਧਿਆਪਕਾਂ ਨੇ ਕਾਂਗਰਸ ਨੂੰ ਪੂਰੇ ਦੇਸ਼ ਵਿੱਚ ਘੇਰਨ ਦੀ ਰਣਨੀਤੀ ਘੜੀ ਹੈ। ਪਿਛਲੇ 10 ਸਾਲਾਂ ਤੋਂ ਠੇਕੇ ’ਤੇ ਨੌਕਰੀ ਕਰਦੇ ਆ ਰਹੇ ਅਧਿਆਪਕਾਂ ਨੇ ਲੰਘੇ ਦਿਨ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਵੰਗਾਰਿਆ ਹੈ। ਅਧਿਆਪਕਾਂ ਨੇ ਕਾਂਗਰਸ ਹਾਈਕਮਾਨ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਦੀ ਧੱਕੇਸ਼ਾਹੀ ਦੀ ਪੂਰੇ ਦੇਸ਼ ਵਿੱਚ ਭਾਂਡਾ ਭੰਨ੍ਹਿਆ ਜਾਏਗਾ।


ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਉਹ ਚੋਣਾਂ ਦੌਰਾਨ ਸੂਬਾ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕਰਨਗੇ। ਇਸ ਬਾਰੇ ਹੋਰ ਰਾਜਾਂ ਵਿੱਚ ਵੀ ਪ੍ਰਚਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਹੈ ਕਿ ਲੋੜ ਪਈ ਤਾਂ ਰਾਹੁਲ ਗਾਂਧੀ ਦੀ ਕੋਠੀ ਵੀ ਘੇਰੀ ਜਾਵੇਗੀ।

ਦਿੱਲੀ ਸਥਿਤ ਪ੍ਰੈੱਸ ਕਲੱਬ ਆਫ ਇੰਡੀਆ ਵਿੱਚ ਐਸਐਸਏ/ਆਰਐਮਐਸਏ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਪ੍ਰੇਮ ਸਿੰਘ ਤੇ ਹੋਰਾਂ ਨੇ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ’ਤੇ ਅਧਿਆਪਕਾਂ ਨੂੰ ਪੱਕੇ ਕਰਕੇ ਪੂਰੀਆਂ ਤਨਖ਼ਾਹਾਂ ’ਤੇ ਰੈਗੂਲਰ ਕੀਤਾ ਜਾਵੇਗਾ ਪਰ ਹੁਣ ਵਾਅਦਾ ਪੂਰਾ ਕਰਨ ਦੀ ਥਾਂ ਅਧਿਆਪਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ।

ਅਧਿਆਪਕ ਲੀਡਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਹਾਰੀ ਜਾ ਚੁੱਕੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਰਾਹੁਲ ਗਾਂਧੀ ਅਧਿਆਪਕਾਂ ਦੀਆਂ ਸਭਾਵਾਂ ਵਿੱਚ ਆਖ ਰਹੇ ਹਨ ‘ਠੇਕੇ ਦੇ ਅਧਿਆਪਕ’ ਤੇ ‘ਐਡਹਾਕ’ ਸ਼ਬਦ ਖ਼ਤਮ ਕਰ ਦੇਣਾ ਚਾਹੀਦਾ ਹੈ ਪਰ ਉਨ੍ਹਾਂ ਦੀ ਪਾਰਟੀ ਦੀ ਕੈਪਟਨ ਸਰਕਾਰ ਨੇ ਪੰਜਾਬ ਵਿੱਚੋਂ ਅਜੇ ਤੱਕ ਕੰਟਰੈਕਟ ਖ਼ਤਮ ਨਹੀਂ ਕੀਤਾ।

ਅਧਿਆਪਕ ਲੀਡਰਾਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਕਾਂਗਰਸ ਦੀ ਸੂਬਾ ਸਰਕਾਰ ਦੀ ਅਧਿਆਪਕ ਵਿਰੋਧੀ, ਗ਼ੈਰ-ਕਾਨੂੰਨੀ, ਗ਼ੈਰ-ਸੰਵਿਧਾਨਕ ਤੇ ਸਿੱਖਿਆ ਵਿਰੋਧੀ ਨੀਤੀ ਰੱਦ ਕਰਕੇ ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ ਭੱਤਿਆਂ ਸਮੇਤ ਦੇ ਕੇ ਸਿੱਖਿਆ ਮਹਿਕਮੇ ਵਿੱਚ ਰੈਗੂਲਰ ਕੀਤਾ ਜਾਵੇ।