ਪਟਿਆਲਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਤਹਿਤ ਜੇਲ੍ਹ 'ਚ ਨਜ਼ਰਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬੰਡੂਗਰ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਹੜਤਾਲ ਬੰਡੂਗਰ ਨੇ ਹੀ ਖੁੱਲ੍ਹਵਾਈ ਹੈ। ਰਾਜੋਆਣਾ ਦੀ ਮਰਸੀ ਪਟੀਸ਼ਨ ਦਾ ਜਲਦ ਨਿਬੇੜਾ ਕਰਾਉਣ ਲਈ ਸ਼੍ਰੋਮਣੀ ਕਮੇਟੀ ਰਾਸ਼ਟਰਪਤੀ ਤੱਕ ਪਹੁੰਚ ਕਰੇਗੀ।


ਸਜ਼ਾ ਮੁਆਫੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਪਟੀਸ਼ਨ ਦਾ ਨਤੀਜਾ ਨਾ ਨਿਕਲਦਾ ਦੇਖ ਰਾਜੋਆਣਾ ਭੁੱਖ ਹੜਤਾਲ 'ਤੇ ਬੈਠ ਗਏ ਸਨ। ਪ੍ਰੋ: ਬੰਡੂਗਰ ਨੇ ਰਾਜੋਆਣਾ ਨੂੰ ਭਰੋਸਾ ਦਵਾਇਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਮਰਸੀ ਪਟੀਸ਼ਨ ਦੇ ਜਲਦ ਨਿਬੇੜੇ ਲਈ ਪੰਜਾਬ ਤੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨਾਲ ਤਲਮੇਲ ਕਰਕੇ ਢੁੱਕਵੇਂ ਕਦਮ ਚੁੱਕੇ ਜਾਣਗੇ। ਇਸ ਬਾਰੇ ਸ਼੍ਰੋਮਣੀ ਕਮੇਟੀ ਦਾ ਵਫਦ ਹਫਤੇ ਅੰਦਰ ਨਿਯੁਕਤ ਕੀਤਾ ਜਾਵੇਗਾ। ਇਹ ਵਫਦ ਮਰਸੀ ਪਟੀਸ਼ਨ ਦਾ ਜਲਦ ਨਿਬੇੜਾ ਕਰਵਾਉਣ ਲਈ ਰਾਸ਼ਟਰਪਤੀ ਨਾਲ ਮੁਲਾਕਾਤ ਕਰੇਗਾ।

ਕਾਬਲੇਗੌਰ ਹੈ ਕਿ ਰਾਜੋਆਣਾ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ 2007 ਵਿੱਚ ਫਾਸੀ ਦੀ ਸਜ਼ਾ ਸੁਜ਼ਾਣੀ ਗਈ ਸੀ। 31 ਮਾਰਚ, 2012 ਨੂੰ ਫਾਂਸੀ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਰਾਜੋਆਣਾ ਲਈ ਪਾਈ ਗਈ ਮਰਸੀ ਪਟੀਸ਼ਨ ਤਹਿਤ 28 ਮਾਰਚ, 2012 ਨੂੰ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਗਈ ਸੀ।

ਉਦੋਂ ਤੋਂ ਹੁਣ ਤੱਕ ਇਸ ਮਰਸੀ ਪਟੀਸ਼ਨ ਦਾ ਨਿਬੇੜਾ ਨਹੀਂ ਕੀਤਾ ਗਿਆ। ਇਸ ਕਾਰਨ ਨੌਂ ਦਿਨ ਪਹਿਲਾਂ ਰਾਜੋਆਣਾ ਨੇ ਜੇਲ੍ਹ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਰਾਜੋਆਣਾ ਦੀ ਵਿਗੜੀ ਹਾਲਤ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਅੱਜ ਸ਼੍ਰੋਮਣੀ ਕਮੇਟੀ ਦੇ ਭਰੋਸੇ ਬਾਅਦ ਰਾਜੋਆਣਾ ਨੇ ਆਪਣੀ ਭੁੱਖ ਹੜਤਾਲ ਖੋਲ੍ਹ ਦਿੱਤੀ।