SGPC Channel: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 24 ਜੁਲਾਈ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਆਪਣਾ ਯੂਟਿਊਬ ਚੈਨਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਮੌਕੇ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ।


ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਆਪਣਾ ਚੈਨਲ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਤੇ ਇਸ ਦਾ ਅਧਿਕਾਰ ਆਪਣੇ ਕੋਲ ਰੱਖ ਲਏ ਹਨ ਜੋ ਕਿ ਬੜੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸੋਚ ਠੀਕ ਨਹੀਂ ਹੈ।


ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਐਸਜੀਪੀਸੀ ਨੂੰ ਅਧਿਕਾਰ ਆਪਣੇ ਕੋਲ ਰੱਖਣ ਦੀ ਥਾਂ ਇਸ ਨੂੰ ਲੈ ਕੇ ਨਿਯਮ ਬਣਾਉਣੇ ਚਾਹੀਦੇ ਸੀ ਤਾਂ ਕਿ ਕੋਈ ਗੁਰਬਾਣੀ ਦੇ ਬੇਅਦਬੀ ਨਾ ਕਰ ਸਕੇ ਪਰ ਇਸ ਦੇ ਸਾਰੇ ਅਧਿਕਾਰ ਆਪਣੇ ਕੋਲ ਰੱਖਣਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਸਾਰਿਆਂ ਦੀ ਸਾਂਝੀ ਹੈ ਤੇ ਇਸ ਉੱਤੇ ਕਿਸੇ ਇੱਕ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਸਗੋਂ ਦੂਜੇ ਚੈਨਲਾਂ ਨੂੰ ਵੀ ਇਸ ਦਾ ਪ੍ਰਸਾਰਨ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ।


ਗਰੇਵਾਲ ਨੇ ਕਿਹਾ ਕਿ ਐਸਜੀਪੀਸੀ ਅਜਿਹਾ ਕਰਕੇ ਗੁਨਾਹ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਇਸ ਗੱਲ ਨੂੰ ਯਾਦ ਰੱਖਣਗੇ ਤੇ ਜਿਨ੍ਹਾਂ ਲੋਕਾਂ ਨੇ ਗੁਰਬਾਣੀ ਨੂੰ ਲੈ ਕੇ ਅਜਿਹੇ ਫੈਸਲਾ ਲਿਆ ਹੈ ਲੋਕ ਉਨ੍ਹਾਂ ਨੂੰ ਛੇਤੀ ਹੀ ਬਦਲ ਦੇਣਗੇ।


ਜ਼ਿਕਰ ਕਰ ਦਈਏ ਕਿ ਐਸਜੀਪੀਸੀ ਪ੍ਰਧਾਨ ਧਾਮੀ ਨੇ ਦੱਸਿਆ ਕਿ 24 ਜੁਲਾਈ ਤੋਂ ਯੂ-ਟਿਊਬ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਯੂਟਿਊਬ ਚੈਨਲ ਦਾ ਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਰੱਖਿਆ ਗਿਆ ਹੈ। ਇਸ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹੋਣਗੇ। ਹਾਲਾਂਕਿ ਇਸ ਲਈ ਇੱਕ ਨਿੱਜੀ ਕੰਪਨੀ ਨੂੰ ਸ਼ਾਮਲ ਕੀਤਾ ਗਿਆ ਹੈ। ਧਾਮੀ ਨੇ ਇਹ ਵੀ ਕਿਹਾ ਕਿ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕੀਤਾ ਜਾਵੇ। ਇਸ ਲਈ ਭਾਰਤ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਤੇ ਯਤਨ ਤੇਜ਼ ਕੀਤੇ ਜਾਣਗੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :