Amritsar News: ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਗੁਰਬਾਣੀ ਪ੍ਰਸਾਰਣ ਲਈ ਆਪਣਾ ਚੈਨਲ ਖੋਲ੍ਹੇਗੀ। ਅੰਤ੍ਰਿੰਗ ਕਮੇਟੀ ਵਿੱਚ ਲਏ ਗਏ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਲੈ ਕੇ ਆਵੇਗੀ।
ਪ੍ਰਧਾਨ ਧਾਮੀ ਨੇ ਦੱਸਿਆ ਕਿ 24 ਜੁਲਾਈ ਤੋਂ ਯੂ-ਟਿਊਬ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਯੂਟਿਊਬ ਚੈਨਲ ਦਾ ਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਰੱਖਿਆ ਗਿਆ ਹੈ। ਇਸ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹੋਣਗੇ। ਹਾਲਾਂਕਿ ਇਸ ਲਈ ਇੱਕ ਨਿੱਜੀ ਕੰਪਨੀ ਨੂੰ ਸ਼ਾਮਲ ਕੀਤਾ ਗਿਆ ਹੈ। ਧਾਮੀ ਨੇ ਇਹ ਵੀ ਕਿਹਾ ਕਿ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕੀਤਾ ਜਾਵੇ। ਇਸ ਲਈ ਭਾਰਤ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਤੇ ਯਤਨ ਤੇਜ਼ ਕੀਤੇ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪੰਜਾਬ ਵਿੱਚ ਵਿਵਾਦ ਹੋਇਆ ਸੀ। ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਦਬਾਅ ਪਾ ਰਹੀ ਸੀ ਕਿ ਉਹ ਇਕ ਵਿਸ਼ੇਸ਼ ਚੈਨਲ ਨੂੰ ਅਧਿਕਾਰ ਕਿਉਂ ਦੇ ਰਹੀ ਹੈ। ਪੰਜਾਬ ਸਰਕਾਰ ਨੇ ਇਸ ਲਈ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਵੀ ਪਾਸ ਕੀਤਾ ਸੀ।
ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਮ ਚਰਚਾ ਦਾ ਵਿਸ਼ਾ ਸੀ ਐਸਜੀਪੀਸੀ ਆਪਣਾ ਚੈਨਲ ਲਾਂਚ ਕਰੇ। ਇਸ ਬਾਰੇ ਲੋਕਾਂ ਨੇ ਰਾਏ ਵੀ ਦਿੱਤੀ ਸੀ ਜਿਸ ਤੋਂ ਬਾਅਦ ਕਮੇਟੀ ਵੱਲੋਂ ਆਪਣਾ ਚੈਨਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਬਾਬਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਮੇਟੀ 24 ਤਾਰੀਕ ਨੂੰ ਯੂਟਿਊਬ ਚੈਨਲ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਛੇਤੀ ਹੀ ਕਮੇਟੀ ਸੈਟੇਲਾਈਟ ਚੈਨਲ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦੇ ਪੂਰੇ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 23 ਤਾਰੀਕ ਤੱਕ ਇਸ ਦੇ ਅਧਿਕਾਰ ਪੀਟੀਸੀ ਚੈਨਲ ਕੋਲ ਹਨ ਜੋ 23 ਤਾਰੀਕ ਨੂੰ ਖ਼ਤਮ ਹੋ ਰਹੇ ਹਨ। ਇਸ ਤੋਂ ਬਾਅਦ 24 ਤਾਰੀਕ ਨੂੰ ਅੰਮ੍ਰਿਤ ਵੇਲੇ ਗੁਰਬਾਣੀ ਦਾ ਪ੍ਰਸਾਰ ਸ਼੍ਰੋਮਣੀ ਕਮੇਟੀ ਦੇ ਚੈਨਲ ਤੋਂ ਸ਼ੁਰੂ ਕੀਤਾ ਜਾਵੇਗਾ।
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵੱਲੋਂ ਗੁਰਦੁਆਰਾ ਐਕਟ 1925 ਵਿੱਚ ਸੋਧ ਕੀਤੀ ਗਈ ਸੀ ਜਿਸ ਵਿੱਚ ਗੁਰਬਾਣੀ ਸਾਰਿਆਂ ਲਈ ਮੁਫ਼ਤ ਕੀਤੇ ਜਾਣ ਦੀ ਮਦ ਜੋੜੀ ਗਈ ਸੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸਾਰੇ ਅਧਿਕਾਰੀ ਇੱਕ ਵਿਸ਼ੇਸ਼ ਚੈਨਲ ਨੂੰ ਦਿੱਤੇ ਜਾਣ ਦਾ ਮੁੱਦਾ ਚੁੱਕਿਆ ਸੀ ਜਿਸ ਤੋਂ ਬਾਅਦ ਇਸ ਮੁੱਦੇ ਦਾ ਜਮ ਕੇ ਵਿਰੋਧ ਹੋਇਆ ਸੀ। ਵਿਰੋਧੀ ਧਿਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਸਿੱਖ ਧਰਮ ਦੇ ਮਸਲਿਆਂ ਵਿੱਚ ਦਖ਼ਲ ਅੰਦਾਜ਼ੀ ਦੱਸਿਆ ਗਿਆ ਸੀ।
ਇਸ ਦੌਰਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ। ਗੁਰਦੁਆਰਾ ਐਕਟ ਵਿੱਚ ਸੋਧ ਦਾ ਐਲਾਨ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਰਕਾਰ ਦੀ ਦਖ਼ਲਅੰਦਾਜ਼ੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਧਾਮੀ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਮੁੱਦਿਆਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ।