ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ-ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਆਰੰਭਤਾ ਸਮੇਂ ਅਰਦਾਸ ਉਪਰੰਤ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਅਤੇ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਚੌਰ ਸਾਹਿਬ ਦੀ ਸੇਵਾ ਵੀ ਨਿਭਾਈ। ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਧਾਰਮਿਕ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਤੇ ਨਿਹੰਗ ਸਿੰਘ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।



ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਪਲਾਜ਼ਾ ਘੰਟਾ ਘਰ, ਜ਼ਲ੍ਹਿਆਂ ਵਾਲਾ ਬਾਗ, ਲੱਕੜ ਮੰਡੀ ਬਜ਼ਾਰ, ਸੁਲਤਾਨਵਿੰਡ ਗੇਟ, ਪਾਣੀ ਵਾਲੀ ਟੈਂਕੀ, ਸਵਰਨ ਹਾਊਸ, ਗੋਲਡਨ ਕਲਾਥ ਮਾਰਕੀਟ, ਸੁਲਤਾਨਵਿੰਡ ਰੋਡ, ਤੇਜ ਨਗਰ ਚੌਕ, ਬਜ਼ਾਰ ਸ਼ਹੀਦ ਊਧਮ ਸਿੰਘ ਨਗਰ, ਬਜ਼ਾਰ ਕੋਟ ਮਾਹਣਾ ਸਿੰਘ ਅਤੇ ਤਰਨ ਤਾਰਨ ਰੋਡ ਆਦਿ ਥਾਵਾਂ ’ਤੇ ਸੰਗਤ ਨੇ ਭਰਵਾਂ ਸਵਾਗਤ ਕਰਦਿਆਂ ਸਤਿਕਾਰ ਭੇਟ ਕੀਤਾ। ਨਗਰ ਕੀਰਤਨ ਵਿਚ ਜਿਥੇ ਗਤਕਾ ਤੇ ਬੈਂਡ ਪਾਰਟੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ, ਉਥੇ ਹੀ ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਵੱਲੋਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ।



ਨਗਰ ਕੀਰਤਨ ਵਿਚ ਸ੍ਰੀ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਾਵਾ ਸਿੰਘ ਗੁਮਾਨਪੁਰਾ, ਭਾਈ ਅਜਾਇਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਬਿਜੈ ਸਿੰਘ, ਸ. ਗੁਰਿੰਦਰ ਸਿੰਘ ਮਥਰੇਵਾਲ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਸ. ਸ਼ਾਹਬਾਜ਼ ਸਿੰਘ, ਸ. ਮਨਜੀਤ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਫੈਡਰੇਸ਼ਨ ਆਗੂ ਸ. ਅਮਰਬੀਰ ਸਿੰਘ ਢੋਟ, ਮੈਨੇਜਰ ਸ. ਹਰਪ੍ਰੀਤ ਸਿੰਘ, ਸ. ਨਰਿੰਦਰ ਸਿੰਘ, ਸ. ਸਤਨਾਮ ਸਿੰਘ, ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ ਜੱਫਰਵਾਲ, ਸ. ਬਿਕਰਮਜੀਤ ਸਿੰਘ ਝੰਗੀ, ਸ. ਯੁਵਰਾਜ ਸਿੰਘ, ਸ. ਗੁਰਤਿੰਦਰਪਾਲ ਸਿੰਘ ਕਾਦੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।