Amritsar News: ਸ਼੍ਰੋਮਣੀ ਕਮੇਟੀ ਵੱਲੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ 21 ਬੰਦੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 9 ਬੰਦੀ ਸਿੰਘਾਂ ਦੇ ਨਾਵਾਂ ਦੀ ਸੂਚੀ ਪਹਿਲਾਂ ਹੀ ਪ੍ਰਧਾਨ ਮੰਤਰੀ ਦਫਤਰ ਨੂੰ ਭੇਜੀ ਜਾ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਬਾਰੇ ਹੁਣ ਤੱਕ ਕੋਈ ਹੁੰਗਾਰਾ ਨਹੀਂ ਦਿੱਤਾ। ਇਸ ਲਈ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਨੇ ਪਹਿਲੀ ਦਸੰਬਰ ਤੋਂ ਦੇਸ਼ ਵਿਆਪੀ ਮੁਹਿੰਮ ਵਿੱਢਣ ਦੀ ਤਿਆਰੀ ਕਰ ਲਈ ਹੈ।



ਇਸ ਮੁਹਿੰਮ ਵਿਚ ਲੋਕਾਂ ਨੂੰ ਸਿੱਖ ਕੈਦੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਉਨ੍ਹਾਂ ਦੀ ਰਿਹਾਈ ਸਬੰਧੀ ਅਪੀਲ ਵਾਲੇ ਫਾਰਮ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਭਰਨ ਲਈ ਇੱਕ ਦਸੰਬਰ ਤੋਂ ਦਸਤਖਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਜਿਨ੍ਹਾਂ 9 ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੂਚੀ ਭੇਜੀ ਹੈ, ਉਨ੍ਹਾਂ ਵਿੱਚ ਗੁਰਦੀਪ ਸਿੰਘ ਖੈੜਾ 32 ਸਾਲ ਤੋਂ ਜੇਲ੍ਹ ਵਿਚ ਬੰਦ ਹਨ। ਇਸੇ ਤਰ੍ਹਾਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ 27 ਸਾਲ, ਬਲਵੰਤ ਸਿੰਘ ਰਾਜੋਆਣਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਸਾਰੇ 27 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ।

ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ 26 ਸਾਲਾਂ ਤੋਂ, ਪਰਮਜੀਤ ਸਿੰਘ ਭਿਓਰਾ 25 ਸਾਲਾਂ ਤੋਂ ਅਤੇ ਜਗਤਾਰ ਸਿੰਘ ਤਾਰਾ 17 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ। ਇਸ ਤੋਂ ਪਹਿਲਾਂ ਵੀ ਇਕ ਕਮੇਟੀ ਬਣਾਈ ਗਈ ਸੀ ਜੋ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਫਲ ਨਹੀਂ ਹੋ ਸਕੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸੰਘਰਸ਼ ਸਿਰਫ 9 ਬੰਦੀ ਸਿੰਘਾਂ ਵਾਸਤੇ ਨਹੀਂ ਸਗੋਂ ਸਾਰੇ ਬੰਦੀ ਸਿੰਘਾਂ ਲਈ ਹੈ ਜੋ ਅਜਿਹੇ ਹੀ ਕੇਸਾਂ ਵਿਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿੱਚੋਂ ਕਈਆਂ ਕੋਲੋਂ ਸਿੱਖ ਧਾਰਮਿਕ ਸਾਹਿਤ, ਸਿੱਖ ਝੰਡੇ ਤੇ ਅਜਿਹੀ ਸਮੱਗਰੀ ਬਰਾਮਦ ਹੋਈ ਹੈ। ਇਹ ਸਾਰੀ ਸਮੱਗਰੀ ਸਿੱਖ ਧਰਮ ਪ੍ਰਚਾਰ ਨਾਲ ਸਬੰਧਤ ਹੈ ਪਰ ਇਸ ਨੂੰ ਇਤਰਾਜ਼ਯੋਗ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਦਸਤਖਤ ਮੁਹਿੰਮ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਸੂਬਿਆਂ ਵਿੱਚ ਸਿੱਖ ਮਿਸ਼ਨ ਕੇਂਦਰਾਂ ਤੇ ਗੁਰਦੁਆਰਾ ਕਮੇਟੀਆਂ ਰਾਹੀਂ ਚਲਾਈ ਜਾਵੇਗੀ। ਇਸ ਸਬੰਧੀ ਗੁਰਦੁਆਰਿਆਂ, ਵਿਦਿਅਕ ਅਦਾਰਿਆਂ, ਰੇਲਵੇ ਸਟੇਸ਼ਨ, ਬੱਸ ਅੱਡੇ, ਸ਼ਹਿਰਾਂ, ਕਸਬਿਆਂ, ਪਿੰਡਾਂ ਤੇ ਹੋਰ ਥਾਵਾਂ ’ਤੇ ਕੈਂਪ ਲਾ ਕੇ ਲੋਕਾਂ ਦੇ ਫਾਰਮ ਭਰੇ ਜਾਣਗੇ ਤੇ ਦਸਤਖ਼ਤ ਕਰਵਾਏ ਜਾਣਗੇ।