ਅੰਮ੍ਰਿਤਸਰ: ਆਪ੍ਰੇਸ਼ਨ ਬਲੂ ਸਟਾਰ ਸਮੇਂ ਸਿੱਖ ਰੈਫ਼ਰੈਂਸ ਲਾਈਬ੍ਰੇਰੀ ਵਿਚਲਾ ਕੀਮਤੀ ਸਾਹਿਬ ਫ਼ੌਜ ਵੱਲੋਂ ਹਾਲੇ ਤਕ ਵਾਪਸ ਨਾ ਕੀਤੇ ਜਾਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਸੂਚੀ ਤਿਆਰ ਕਰ ਲਈ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਮੈਂਬਰਾਂ ਨੇ ਇਸ ਬਾਰੇ ਪਹਿਲਾਂ ਬੈਠਕ ਕੀਤੀ ਅਤੇ ਫਿਰ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਮੀਡੀਆ ਨੂੰ ਚੋਰੀ ਹੋਏ ਕੀਮਤੀ ਗ੍ਰੰਥਾਂ ਤੇ ਹੋਰ ਸਾਹਿਤ ਬਾਰੇ ਦੱਸਿਆ। ਐਸਜੀਪੀਸੀ ਮੁਤਾਬਕ ਹਾਲੇ ਵੀ ਸੈਂਕੜੇ ਹੱਥ ਲਿਖਤ ਪਾਵਨ ਸਰੂਪ ਅਤੇ 11 ਹਜ਼ਾਰ ਤੋਂ ਵੱਧ ਪੁਸਤਕਾਂ ਵਾਪਸ ਨਹੀਂ ਕੀਤੀਆਂ ਗਈਆਂ।

ਡਾ. ਰੂਪ ਸਿੰਘ ਨੇ ਦੱਸਿਆ ਕਿ ਸੰਨ 1984 'ਚ ਸਿੱਖ ਰੈਫਰੈਂਸ ਲਾਈਬ੍ਰੇਰੀ ਵਿੱਚ ਕੁੱਲ 512 ਪਾਵਨ ਸਰੂਪ ਸਨ। ਇਨ੍ਹਾਂ 'ਚ 205 ਹੱਥ ਲਿਖਤ ਸਰੂਪ ਵੀ ਸ਼ਾਮਲ ਹਨ, ਜੋ ਵਾਪਿਸ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕਿ 307 ਹੱਥ ਲਿਖਤ ਪਾਵਨ ਸਰੂਪ ਸਰਕਾਰ ਨੇ ਹਾਲੇ ਤਕ ਵਾਪਸ ਨਹੀਂ ਕੀਤੇ ਗਏ। ਇਸ ਤੋਂ ਬਿਨਾਂ ਕਰੀਬ 11,107 ਹੱਥ ਲਿਖਤ ਕਿਤਾਬਾਂ ਵੀ ਸਰਕਾਰ ਵੱਲੋਂ ਵਾਪਸ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਿਕਾਰਡ ਮੁਤਾਬਕ ਲਾਇਬ੍ਰੇਰੀ ਵਿਚ 24999 ਪੁਸਤਕਾਂ, 560 ਹੱਥ ਲਿਖਤ ਪਾਵਨ ਸਰੂਪ ਅਤੇ 1398 ਹੱਥ ਲਿਖਤ ਪੋਥੀਆਂ ਮੌਜੂਦ ਹਨ।



ਮੁੱਖ ਸਕੱਤਰ ਨੇ ਕਿਹਾ ਕਿ ਉਸ ਸਮੇਂ ਸਰਕਾਰ ਨੇ ਕੁਲਵੰਤ ਸਿੰਘ ਨੂੰ ਸਿੱਖ ਲਾਈਬ੍ਰੇਰੀ ਦਾ ਕੀਮਤੀ ਸਾਮਾਨ ਵਾਪਸ ਕੀਤਾ ਸੀ ਜੋ ਕਿ ਅੱਜ ਦੀ ਮੀਟਿੰਗ 'ਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਤਕਰੀਬਨ 85 ਪੱਤਰ ਲਿਖ ਕੇ ਲੰਮੇ ਅਰਸੇ ਤੋਂ ਸਰਕਾਰਾਂ ਪਾਸੋਂ ਲਾਇਬ੍ਰੇਰੀ ਦੇ ਸਮਾਨ ਦੀ ਵਾਪਸੀ ਮੰਗ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 1984 ਤੋਂ ਬਾਅਦ ਹੁਣ ਤੱਕ ਸ਼੍ਰੋਮਣੀ ਕਮੇਟੀ ਵਿਚ 17 ਸਕੱਤਰ, 18 ਲਾਇਬ੍ਰੇਰੀ ਇੰਚਾਰਜ, 2 ਡਾਇਰੈਕਟਰ ਅਤੇ 8 ਲਾਇਬ੍ਰੇਰੀਅਨ ਸੇਵਾ ਨਿਭਾ ਚੁੱਕੇ ਹਨ। ਜੇਕਰ ਲਾਇਬ੍ਰੇਰੀ ਦਾ ਸਾਰਾ ਸਮਾਨ ਵਾਪਸ ਆ ਗਿਆ ਸੀ ਤਾਂ ਉਹ ਇਨ੍ਹਾਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਜ਼ਰ ਕਿਉਂ ਨਾ ਪਿਆ।

ਡਾ. ਰੂਪ ਸਿੰਘ ਨੇ ਪ੍ਰਕਾਸ਼ਤ ਖ਼ਬਰਾਂ ਵਿੱਚ ਵੱਡੀ ਕੀਮਤ ’ਤੇ ਵੇਚੇ ਗਏ ਹੱਥ ਲਿਖਤ ਸਰੂਪ ਬਾਰੇ ਕਿਹਾ ਕਿ ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।