Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਪਟਿਆਲਾ ਜੇਲ੍ਹ ਪਹੁੰਚੇ ਹਨ। ਧਾਮੀ ਨੇ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ 15 ਅਕਤੂਬਰ ਨੂੰ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਪਟੀਸ਼ਨ 'ਤੇ ਸੁਣਵਾਈ ਨਹੀਂ ਕਰੇਗੀ। ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ।
ਜ਼ਿਕਰ ਕਰ ਦਈਏ ਧਾਮੀ ਸਵੇਰੇ 10:30 ਵਜੇ ਦੇ ਕਰੀਬ ਪਟਿਆਲਾ ਜੇਲ੍ਹ ਪਹੁੰਚੇ। ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ , ਸੁਰਜੀਤ ਗੜ੍ਹੀ, ਭਾਗ ਸਿੰਘ ਅਤੇ ਸਾਬਕਾ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੀ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਜੇਲ੍ਹ ਵਿੱਚ ਰਾਜੋਆਣਾ ਨਾਲ ਕੀ ਚਰਚਾ ਕੀਤੀ। ਹਾਲਾਂਕਿ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਆਗੂਆਂ ਨੇ ਵਾਰ-ਵਾਰ ਮੰਗ ਕੀਤੀ ਹੈ ਕਿ ਰਾਜੋਆਣਾ ਦੇ ਮਾਮਲੇ ਵਿੱਚ ਇੱਕ ਪਾਸੜ ਫੈਸਲਾ ਲਿਆ ਜਾਵੇ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਰਾਜੋਆਣਾ ਅਤੇ ਕੇਂਦਰ ਕੋਲ ਬਕਾਇਆ ਉਸ ਦੀ ਰਹਿਮ ਦੀ ਅਪੀਲ ਨਾਲ ਸਬੰਧਤ ਕਈ ਮੁੱਦਿਆਂ ’ਤੇ ਤਫ਼ਸੀਲ ਵਿਚ ਚਰਚਾ ਕੀਤੀ ਗਈ। ਲਗਪਗ ਇੱਕ ਘੰਟੇ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਧਾਮੀ ਬਾਹਰ ਮੌਜੂਦ ਪੱਤਰਕਾਰਾਂ ਨਾਲ ਕੋਈ ਗੱਲਬਾਤ ਕੀਤੇ ਬਗੈਰ ਉਥੋਂ ਚਲੇ ਗਏ। ਧਾਮੀ ਤੇ ਰਾਜੋਆਣਾ ਦਰਮਿਆਨ ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਕਰੀਬ ਦਸ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਸਕੱਤਰ ਨੇ ਵਧੀਕ ਡੀਜੀਪੀ (ਜੇਲ੍ਹਾਂ) ਨੂੰ ਪੱਤਰ ਲਿਖ ਕੇ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਸਮਾਂ ਮੰਗਿਆ ਸੀ।
ਪੰਜਾਬ ਪੁਲੀਸ ਦੇ ਸਾਬਕਾ ਕਾਂਸਟੇਬਲ ਰਾਜੋਆਣਾ ਨੂੰ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ 1995 ਵਿੱਚ ਹੋਏ ਬੰਬ ਧਮਾਕੇ ਵਿੱਚ ਉਸ ਦੀ ਭੂਮਿਕਾ ਲਈ ਜੁਲਾਈ 2007 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਧਮਾਕੇ ਵਿੱਚ ਬੇਅੰਤ ਸਿੰਘ ਅਤੇ 16 ਹੋਰ ਮਾਰੇ ਗਏ ਸਨ। ਹਾਈ ਕੋਰਟ ਵੱਲੋਂ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਰਾਜੋਆਣਾ ਦੀ ਫਾਂਸੀ 31 ਮਾਰਚ, 2012 ਲਈ ਨਿਰਧਾਰਤ ਕੀਤੀ ਗਈ ਸੀ, ਪਰ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਰਹਿਮ ਦੀ ਅਪੀਲ ਤੋਂ ਬਾਅਦ ਤਤਕਾਲੀ ਯੂਪੀਏ ਸਰਕਾਰ ਨੇ ਤਿੰਨ ਦਿਨ ਪਹਿਲਾਂ ਹੀ ਇਸ ’ਤੇ ਰੋਕ ਲਗਾ ਦਿੱਤੀ ਸੀ।