ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰ ਦਿੱਤਾ ਗਿਆ। ਜਿਸ ਨੂੰ SGPC ਨੇ ਮੁੱਢ ਤੋਂ ਰੱਦ ਕਰ ਦਿੱਤਾ ਹੈ। ਵਿਧਾਨ ਸਭਾ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ SGPC ਵੱਲੋਂ ਅੰਮ੍ਰਿਤਸਰ 'ਚ ਪ੍ਰੈੱਸ ਕਾਨਫੰਰਸ ਕੀਤੀ ਗਈ। ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਅੱਜ ਕਾਲਾ ਦਿਨ ਹੈ। 103 ਸਾਲ ਬਾਅਦ ਕੌਮ 'ਤੇ ਪੰਜਾਬ ਦੀ ਮਾਨ ਸਰਕਾਰ ਨੇ ਹਮਲਾ ਕੀਤਾ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ ਅੱਜ ਤੋਂ ਕਰ ਦਿੱਤੀ ਹੈ।
ਸਿੱਖ ਗੁਰਦੁਅਰਾ ਐਕਟ 1925 'ਚ ਕੀਤੇ ਸੋਧ 'ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ - ਕੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਡੀਗੜ੍ਹ ਤੋਂ ਚੱਲਿਆ ਕਰੇਗੀ ? ਪੰਜਾਬ ਸਰਕਾਰ ਦੇ ਫੈਸਲੇ ਖਿਲਾਫ਼ SGPC ਨੇ ਵਿਸ਼ੇਸ਼ ਇਜਲਾਸ ਸੱਦ ਲਿਆ ਹੈ। 26 ਜੂਨ ਨੂੰ ਅੰਮ੍ਰਿਤਸਰ ਵਿੱਚ ਇਕੱਠ ਕੀਤਾ ਜਾਵੇਗਾ ਅਤੇ ਸਰਕਾਰ ਦੇ ਫੈਸਲੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਪੰਥ ਵਿੱਚ ਦਖਲਅੰਦਾਜ਼ੀ ਨੂੰ ਕੌਮ ਸਵਿਕਾਰ ਨਹੀਂ ਕਰੇਗੀ। ਤੁਹਾਨੂੰ ਲੋਕਾਂ ਨੇ ਵੋਟਾਂ ਪੰਜਾਬ ਚਲਾਉਣ ਲਈ ਪਾਈਆਂ ਨਾ ਕਿ ਸ਼੍ਰੋਮਣੀ ਕਮੇਟੀ ਜਾਂ ਧਰਮ ਵਿੱਚ ਦਖਲਅੰਦਾਜ਼ੀ ਕਰਨ ਦੇ ਲਈ ਪਾਈਆਂ ਸਨ।
ਧਾਮੀ ਨੇ ਕਿਹਾ ਕਿ ਅਸੀਂ ਲੜਾਈ ਝਗੜਾ ਨਹੀਂ ਚਾਹੁੰਦੇ ਪਰ ਫਿਰ ਵੀ ਜੇਕਰ ਐਕਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪ ਹੀ ਨਬੇੜ ਲਵਾਂਗੇ। ਪ੍ਰਧਾਨ ਧਾਮੀ ਨੇ ਕਿਹਾ ਕਿ ਇੱਕ ਨਿੱਜੀ ਚੈਨਲ ਦਾ ਸਹਾਰਾ ਲੈ ਕੇ SGPC 'ਤੇ ਪੰਜਾਬ ਸਰਕਾਰ ਨੇ ਹਮਲਾ ਕੀਤਾ ਹੈ। ਜਿਸ ਨੂੰ ਪੰਥ ਮੁਆਫ਼ੀ ਨਹੀਂ ਕਰੇਗਾ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਾਹਲੀ ਪਤਾ ਨਹੀਂ ਕਿਉਂਕਿ ਸੀ। 2 ਦਿਨ ਪਹਿਲਾਂ ਭਗਵੰਤ ਮਾਨ ਨੇ ਟਵੀਟ ਕੀਤਾ ਅਤੇ ਅੱਜ ਐਕਟ ਵਿੱਚ ਸੋਧ ਕਰ ਦਿੱਤੀ। ਧਾਮੀ ਨੇ ਕਿਹਾ ਕਿ ਇਹ ਸੱਭ ਮਸ਼ਹੂਰੀ ਖੱਟਣ ਲਈ ਭਗਵੰਤ ਮਾਨ ਨੇ ਅਜਿਹਾ ਕੀਤਾ ਹੈ। ਕਿਉਂਕਿ ਜਥੇਦਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ SGPC ਨੇ 21 ਜੁਲਾਈ ਨੂੰ ਗੁਰਬਾਣੀ ਪ੍ਰਸਾਰਣ ਸਬੰਧੀ ਵੱਡਾ ਫੈਸਲਾ ਲੈਣਾ ਸੀ ਪਰ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਕਾਹਲੀ ਵਿੱਚ ਆ ਕੇ ਐਕਟ ਵਿੱਚ ਸੋਧ ਕਰ ਦਿੱਤੀ, ਜਿਸ ਨੂੰ ਸ਼੍ਰੋਮਣੀ ਕਮੇਟੀ ਸਵਿਕਾਰ ਨਹੀਂ ਕਰਦੀ।