ਅੰਮ੍ਰਿਤਸਰ: ਗਰਮੀ ਦੇ ਕਹਿਰ 'ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਪੱਖੇ ਤੇ ਏਸੀ ਬੰਦ ਕਰ ਦਿੱਤੇ। ਇਸ ਮਗਰੋਂ ਸ਼ਰਧਾਲੂਆਂ 'ਚ ਹਾਹਾਕਾਰ ਮੱਚ ਗਈ। ਇਸ ਨੂੰ ਲੈ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੰਗਾਮਾ ਵੀ ਹੋਇਆ ਜਿਸ ਨੂੰ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ਼ਾਂਤ ਕੀਤਾ।

ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਕੁਝ ਸ਼ਰਧਾਲੂਆਂ ਨੇ ਦੋਸ਼ ਲਾਇਆ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਯਾਤਰੂਆਂ ਨੂੰ ਬੈਠਣ ਤੋਂ ਰੋਕਣ ਲਈ ਪ੍ਰਬੰਧਕਾਂ ਵੱਲੋਂ ਇੱਥੇ ਪੱਖੇ ਤੇ ਏਸੀ ਬੰਦ ਕਰ ਦਿੱਤੇ ਜਾਂਦੇ ਹਨ। ਜਦੋਂਕਿ ਦੂਜੇ ਪਾਸੇ ਪ੍ਰਬੰਧਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਚੱਲ ਰਹੀ ਸਫਾਈ ਦੌਰਾਨ ਪੱਖੇ ਕੁਝ ਸਮੇਂ ਲਈ ਬੰਦ ਕੀਤੇ ਗਏ ਸਨ।

ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੱਖੇ ਬੰਦ ਕਰਨ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਕੁਝ ਸ਼ਰਧਾਲੂ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਕੁਝ ਸ਼ਰਧਾਲੂ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਾ ਰਹੇ ਹਨ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾਲੂਆਂ ਲਈ ਪੱਖੇ ਤੇ ਏਸੀ ਬੰਦ ਕਰ ਦਿੱਤੇ ਜਾਂਦੇ ਹਨ। ਸ਼ਰਧਾਲੂਆਂ ਨੇ ਆਖਿਆ ਕਿ ਗੁਰੂ ਘਰ ਸੰਗਤਾਂ ਵਾਸਤੇ ਹੈ ਤੇ ਇਹ ਸਭ ਕੁਝ ਸੰਗਤਾਂ ਵਾਸਤੇ ਚੜ੍ਹਾਵੇ ਨਾਲ ਬਣਾਇਆ ਗਿਆ ਹੈ। ਇਸ ਲਈ ਇੱਥੇ ਪੱਖੇ ਅਤੇ ਏਸੀ ਬੰਦ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।

ਉਧਰ, ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੱਲ ਰਹੀ ਸਫਾਈ ਦੌਰਾਨ ਕੁਝ ਸਮੇਂ ਵਾਸਤੇ ਪੱਖੇ ਤੇ ਏਸੀ ਆਦਿ ਬੰਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦਿਆਂ ਦਰਬਾਰ ਸਾਹਿਬ ਸਮੂਹ ਵਿੱਚ ਵੱਖ-ਵੱਖ ਥਾਵਾਂ ’ਤੇ ਸੰਗਤ ਲਈ ਕੂਲਰ ਅਤੇ ਪੱਖੇ ਵੀ ਲਾਏ ਗਏ ਹਨ। ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਦਿਨ-ਰਾਤ ਪੱਖੇ ਤੇ ਏਸੀ ਚੱਲਦੇ ਰਹਿੰਦੇ ਹਨ।