ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿਚਾਲੇ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਪਾਈ। ਇਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ 12 ਨਵੰਬਰ ਦੇ ਖਾਸ ਸਮਾਗਮ ਦੇ ਪ੍ਰਬੰਧ ਖੁਦ ਸੰਭਾਲ ਲਏ ਹਨ। ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਲਾਂਭੇ ਕਰਦਿਆਂ ਪ੍ਰਬੰਧਾਂ ਦਾ ਠੇਕਾ ਦਿੱਲੀ ਦੀ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਹੈ। ਐਸਜੀਪੀਸੀ ਵੱਲੋਂ ਲਗਪਗ 10 ਕਰੋੜ ਰੁਪਏ ਦਾ ਟੈਂਡਰ ਦਿੱਲੀ ਦੀ ਕੰਪਨੀ ਨੂੰ ਦਿੱਤਾ ਗਿਆ ਹੈ।


ਐਸਜੀਪੀਸੀ ਵੱਲੋਂ ਸੁਲਤਾਨਪੁਰ ਲੋਧੀ ਦਾ ਸਮਾਗਮ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਨਵੰਬਰ ਵਿੱਚ ਹੋਣ ਵਾਲੇ ਇਸ ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਵਿਚਾਲੇ ਬੈਠਕਾਂ ਹੋਈਆਂ ਸੀ ਪਰ ਗੱਲ ਕਿਸੇ ਸਹਿਮਤੀ ਤੱਕ ਨਹੀਂ ਪਹੁੰਚ ਸਕੀ। ਸਰਕਾਰ ਦੇ ਨੁਮਾਇੰਦਿਆਂ ਨੇ ਇਲਜ਼ਾਮ ਲਾਇਆ ਸੀ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਪਬਲੀਸਿਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਸਰਕਾਰ ਨੇ 12 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸੀ ਪਰ ਸਾਂਝੀ ਸਟੇਜ ਲਾਉਣ ਦੀ ਸਹਮਿਤੀ ਨਹੀਂ ਬਣੀ। ਇਸ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਐਸਜੀਪੀਸੀ ਨਾਲ ਬੈਠਕਾਂ ਕੀਤੀਆਂ ਸੀ। ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਹੀ ਸਰਕਾਰ ਨਾਲੋਂ ਵੱਖਰੇ ਸਮਾਗਮ ਕਰਨਾ ਚਾਹੁੰਦੀ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮਗਰੋਂ ਸਾਂਝੇ ਪ੍ਰੋਗਰਾਮ ਕਰਨ ਦਾ ਫੈਸਲਾ ਹੋਇਆ ਸੀ।

ਚਾਰ ਅਕਤੂਬਰ ਨੂੰ ਹੋਈ ਆਖਰੀ ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਗੱਲ ਸਹਿਮਤੀ ਤੱਕ ਪਹੁੰਚ ਚੁੱਕੀ ਹੈ ਪਰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਵੱਲੋਂ ਇਹ ਟੈਂਡਰ ਦਿੱਲੀ ਦੀ ਕੰਪਨੀ ਨੂੰ ਦੇ ਦਿੱਤਾ ਗਿਆ ਸੀ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਰਾਜ਼ਗੀ ਦਿਖਾਉਂਦੇ ਹੋਏ 4 ਅਕਤੂਬਰ ਨੂੰ ਹੋਈ ਬੈਠਕ ਵਿੱਚ ਨਹੀਂ ਪਹੁੰਚੇ ਸੀ। ਕੈਬਨਿਟ ਮੰਤਰੀ ਚੰਨੀ ਵੱਲੋਂ ਇਸ ਬੈਠਕ ਵਿੱਚ ਹਿੱਸਾ ਲਿਆ ਗਿਆ ਸੀ।