ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਦਮ ਕਰਦਿਆਂ ਗੁਰੂ ਸਾਹਿਬ ਦਾ ਸੀਸ ਸਸਕਾਰ ਦਿਵਸ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸੀਸਗੰਜ ਸਾਹਿਬ ਵਿੱਖੇ ਜਿੱਥੇ ਮਹਾਨ ਗੁਰਮਤਿ ਸਮਾਗਮ ਉਲੀਕੇ ਜਾਣਗੇ, ਜਿਸ ਵਿੱਚ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ, ਤਖਤ ਸਾਹਿਬਾਨ ਦੇ ਜਥੇਦਾਰ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਪੰਥਕ ਹਸਤੀਆਂ ਸ਼ਿਰਕਤ ਕਰਨਗੀਆ ਅਤੇ ਜਿੰਨਾ ਥਾਂਵਾਂ 'ਤੇ ਭਾਈ ਜੈਤਾ ਜੀ ਦਿੱਲੀ ਤੋਂ ਆਉਂਦਿਆਂ ਰੁਕੇ ਉਨ੍ਹਾਂ ਥਾਂਵਾਂ 'ਚੋਂ ਹੁੰਦਾ ਹੋਇਆ ਵਿਸ਼ਾਲ ਨਗਰ ਕੀਰਤਨ ਵੀ ਅਨੰਦਪੁਰ ਸਾਹਿਬ ਪਹੁੰਚੇਗਾ,ਜਿਸ ਵਿੱਚ ਨਿਹੰਗ ਸਿੰਘ ਦੇ ਦਲ ਜੰਗਜੂ ਕਰਤੱਵ ਦਿਖਾ ਉਸ ਲਾਸਾਨੀ ਇਤਿਹਾਸ ਨੂੰ ਯਾਦ ਕਰਨਗੇ ।
ਨਗਰ ਕੀਰਤਨ ਦੀ ਆਰੰਭਤਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਗੁਰੂ-ਚਰਨਾਂ ਵਿਚ ਅਰਦਾਸ ਕੀਤੀ ਅਤੇ ਉਹਨਾਂ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਅਤੇ ਅੱਜ ਮਨਾਏ ਜਾ ਰਹੇ ਸੀਸ ਸਸਕਾਰ ਦਿਵਸ ਵਿੱਚ ਹਾਜ਼ਰੀਆਂ ਭਰਨ ਦੀ ਅਪੀਲ ਵੀ ਕੀਤੀ। ਗੁਰਦੁਆਰਾ ਸੀਸ ਗੰਜ ਸਾਹਿਬ ਵਿਚ ਆਰੰਭ ਕੀਤੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਤੋਂ ਉਪਰਾਂਤ ਗੁਰਮਤਿ ਸਮਾਗਮ ਤੇ ਸਿੰਘ ਸਾਹਿਬਾਨਾ ਦੇ ਵੱਲੋਂ ਪੰਥ ਦੀ ਚੜਦੀ ਕਲਾ ਦੇ ਲਈ ਗੁਰਮਤਿ ਵਿਚਾਰ ਕੀਤੇ ਜਾਣਗੇ।
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਹਿੰਦੂ ਧਰਮ ਲਈ ਦਿੱਲੀ ਵਿਖੇ ਹੋਈ ਸ਼ਹੀਦੀ ਉਪਰੰਤ ਭਾਈ ਜੈਤਾ ਜੀ ਵੱਲੋਂ 6 ਦਿਨਾਂ ’ਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਜਿਸ ਦਿਨ ਸੀਸ ਦਾ ਸਸਕਾਰ ਕੀਤਾ ਗਿਆ ਸੀ, ਉਸ ਦਿਨ ਨੂੰ ਮਨਾਉਣ ਲਈ ਸੰਗਤਾਂ ’ਚ ਬਹੁਤ ਭਾਰੀ ਉਤਸ਼ਾਹ ਹੈ।