ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੀ ਭੁੱਲ ਬਖਸ਼ਾਏਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਭੁੱਲ ਬਖਸ਼ਾਉਣ ਸਬੰਧੀ ਸਮਾਗਮ ਵਿੱਚ ਹਿੱਸਾ ਲੈਣਗੇ। ਲੌਂਗੋਵਾਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਹੀ ਅੰਗ ਹੋਣ ਦੇ ਨਾਤੇ ਉਹ ਵੀ ਇਸ ਅਰਦਾਸ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਯਾਦ ਰਹੇ ਸ਼੍ਰੋਮਣੀ ਅਕਾਲੀ ਦਲ ਵੱਲ਼ੋਂ ਬੇਅਦਬੀ ਤੇ ਪੰਥਕ ਮੁੱਦਿਆਂ 'ਤੇ ਹੋਈਆਂ ਭੁੱਲਾਂ ਬਖਸ਼ਾਉਣ ਲਈ ਅਰਦਾਸ ਸਮਾਗਮ ਕੀਤਾ ਜਾ ਰਿਹਾ ਹੈ। ਇਸ ਦੀ ਕਾਂਗਰਸ ਨੇ ਅਲੋਚਨਾ ਵੀ ਕੀਤੀ ਹੈ। ਕਾਂਗਰਸ ਨੇ ਸਵਾਲ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੰਨ ਰਿਹਾ ਹੈ ਕਿ ਉਨ੍ਹਾਂ ਨੇ ਹੀ ਬੇਅਦਬੀ ਕਰਵਾਈ ਸੀ ਤਾਂ ਹੀ ਭੁੱਲਾਂ ਬਖਸ਼ਾਉਣ ਜਾ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਦਸੰਬਰ ਅਖੀਰ ਵਿੱਚ ਪੰਚਾਇਤੀ ਚੋਣਾਂ ਕਰਵਾਏ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਦੱਸਿਆ ਗਿਆ ਸੀ ਕਿ ਦਸੰਬਰ ਦਾ ਆਖ਼ਰੀ ਹਫਤਾ ਸਿੱਖ ਕੌਮ ਸ਼ਹੀਦੀ ਹਫਤੇ ਵਜੋਂ ਮਨਾਉਂਦੀ ਹੈ। ਇਸ ਕਰਕੇ ਪੰਚਾਇਤੀ ਚੋਣਾਂ ਦੀ ਤਾਰੀਖ ਵਿੱਚ ਤਬਦੀਲੀ ਕੀਤੀ ਜਾਵੇ ਪਰ ਸਰਕਾਰ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ। ਬਰਗਾੜੀ ਮੋਰਚੇ ਦੀ ਸਮਾਪਤੀ ਬਾਰੇ ਪੁੱਛੇ ਜਾਣ 'ਤੇ ਲੌਂਗੋਵਾਲ ਨੇ ਕਿਹਾ ਕਿ ਇਹ ਬਰਗਾੜੀ ਮੋਰਚੇ ਵਾਲਿਆਂ ਤੋਂ ਹੀ ਪੁੱਛਿਆ ਜਾਵੇ ਕਿ ਉਨ੍ਹਾਂ ਇਹ ਮੋਰਚਾ ਕਿਉਂ ਲਾਇਆ ਸੀ ਤੇ ਕਿਉਂ ਖਤਮ ਕਰ ਰਹੇ ਹਨ।