ਅੰਮ੍ਰਿਤਸਰ: ਸਕੂਲੀ ਬੱਚਿਆਂ ਲਈ ਇਤਿਹਾਸ ਵਿਸ਼ੇ ਦੀ ਕਿਤਾਬ ਨਾਲ ਛੇੜਛਾੜ ਦੇ ਮੁੱਦੇ 'ਤੇ ਦਿੱਤੇ ਦੋ ਰੋਜ਼ਾ ਧਰਨੇ ਦਾ ਕੋਈ ਸਿੱਟਾ ਨਾ ਨਿੱਕਲਣ ਤੋਂ ਬਾਅਦ ਹੁਣ ਅਗਲੇਰੀ ਰਣਨੀਤੀ ਘੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਂ ਨਵੰਬਰ ਨੂੰ ਸੱਦੀ ਸਿੱਖ ਜਥੇਬੰਦੀਆਂ ਦੀ ਮੀਟਿੰਗ ਅਗਲਾ ਸੰਘਰਸ਼ ਵਿੱਢਣ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕਿਹਾ ਕਿ ਦੋ ਦਿਨ ਦੇ ਸੰਘਰਸ਼ ਦੇ ਪਿੱਛੋਂ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਜਿਸ ਕਾਰਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਂ ਨਵੰਬਰ ਨੂੰ ਮੀਟਿੰਗ ਸੱਦੀ ਹੈ ਜਿਸ ਵਿੱਚ ਸਿੱਖ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਹੋਵੇਗਾ।

ਉਨ੍ਹਾਂ ਦਾਅਵਾ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਪ੍ਰਬੰਧਕ ਕਮੇਟੀ, ਹਜ਼ੂਰ ਸ਼ਾਹ ਪ੍ਰਬੰਧਕ ਕਮੇਟੀ ਨਾਲ ਸੰਪਰਕ ਦੇ ਵਿੱਚ ਹੈ, ਪਰ ਪੰਜਾਬ ਸਰਕਾਰ ਨੇ ਹਾਲੇ ਕੋਈ ਤਾਲਮੇਲ ਨਹੀਂ ਕੀਤਾ। ਇਸ ਦੇ ਉਲਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਐਸਜੀਪੀਸੀ ਸਮੇਤ ਸਾਰੇ ਸੰਤ ਸਮਾਜ ਤੇ ਸੰਪ੍ਰਦਾਵਾਂ ਨੂੰ ਸੱਦਾ ਭੇਜਿਆ ਸੀ ਪਰ ਸ਼੍ਰੋਮਣੀ ਕਮੇਟੀ ਤੋਂ ਕੋਈ ਨਹੀਂ ਆਇਆ।