ਚੰਡੀਗੜ੍ਹ: ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੁੰਡਲ ਦੇ ਕੁੜੀਆਂ ਦੇ ਸਰਕਾਰੀ ਸਕੂਲ ਦੇ ਪਖ਼ਾਨੇ ਵਿੱਚੋਂ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਵਿਦਿਆਰਥਣਾਂ ਨਾਲ ਕਥਿਤ ਬਦਸਲੂਕੀ ਕਰਨ ਵਾਲੀ ਅਧਿਆਪਕਾ ਤੇ ਸਕੂਲ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਆਪਕਾ ਵੱਲੋਂ ਲੜਕੀਆਂ ਦੇ ਕੱਪੜੇ ਲੁਹਾ ਕੇ ਜਾਂਚ ਕਰਨ ਦੇ ਮਾਮਲੇ ਦੀ ਰਿਪੋਰਟ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਅਧਿਆਪਕਾਵਾਂ ਦੀ ਮੁਅੱਤਲੀ ਦੇ ਨਿਰਦੇਸ਼ ਦਿੱਤੇ ਹਨ।


ਸ਼ੁੱਕਰਵਾਰ ਨੂੰ ਕੁਝ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੱਪੜੇ ਲੁਹਾਉਣ ਦੇ ਲਾਏ ਦੋਸ਼ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਰਿਪੋਰਟ ਵਿੱਚ ਸਕੂਲ ਅਧਿਆਪਕਾਂ ਦੀ ਵੱਡੀ ਕੁਤਾਹੀ, ਅਣਗਹਿਲੀ ਤੇ ਸੰਵੇਦਨਹੀਣਤਾ ਸਾਹਮਣੇ ਆਈ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੇ ਇੱਜ਼ਤ ਮਾਣ ਨਾਲ ਕਿਸੇ ਤਰ੍ਹਾਂ ਦੇ ਖਿਲਵਾੜ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।



ਵਿਦਿਆਰਥਣਾਂ ਵੱਲੋਂ ਸਕੂਲ ਵਿੱਚ ਅਧਿਆਪਕਾਂ ਦੁਆਰਾ ਉਨ੍ਹਾਂ ਦੇ ਕੱਪੜੇ ਲੁਹਾਉਣ ਬਾਰੇ ਰੋਂਦਿਆਂ ਸ਼ਿਕਾਇਤ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਜਾਂਚ ਰਿਪੋਰਟ ਮੁਤਾਬਕ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਅਤੇ ਅਧਿਆਪਕਾ ਜੋਤੀ ਦੀਆਂ ਹਦਾਇਤਾਂ ਉੱਤੇ ਵਿਦਿਆਰਥਣਾਂ ਦੀ ਦੋ ਵਾਰ ਤਲਾਸ਼ੀ ਲਈ ਗਈ। ਅਬੋਹਰ ਦੀ ਐੱਸ.ਡੀ.ਐੱਮ. ਦੇ ਦਫ਼ਤਰ ਵਿੱਚ ਕੁਲਦੀਪ ਕੌਰ ਅਤੇ ਜੋਤੀ ਦੇ ਬਿਆਨ ਦਰਜ ਕੀਤੇ ਗਏ।

ਜਾਂਚ ਕਮੇਟੀ ਦੇ ਮੈਂਬਰਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਕੁਲਵੰਤ ਸਿੰਘ, ਅਬੋਹਰ ਥਾਣਾ (ਸਦਰ) ਦੇ ਮੁਖੀ ਅੰਗਰੇਜ਼ ਸਿੰਘ ਅਤੇ ਫ਼ਾਜ਼ਿਲਕਾ ਦੀ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਿਤੂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਮਿਡ-ਡੇਅ ਮੀਲ ਦੀ ਰਸੋਈ ਵਿੱਚ ਤਲਾਸ਼ੀ ਲਈ ਗਈ ਤੇ ਇਸ ਸਮੁੱਚੀ ਪ੍ਰਕ੍ਰਿਆ ਦੌਰਾਨ ਕੁਲਦੀਪ ਕੌਰ ਬਾਹਰ ਖੜ੍ਹੀ ਰਹੀ। ਫ਼ਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਕੁਲਦੀਪ ਕੌਰ ਅਤੇ ਜੋਤੀ ਖਿਲਾਫ਼ ਕੰਡਕਟ ਰੂਲਜ਼ ਦੀ ਧਾਰਾ ਅੱਠ ਅਧੀਨ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ।

Education Loan Information:

Calculate Education Loan EMI