ਚੰਡੀਗੜ੍ਹ: ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਗਠਿਤ ਕੀਤੀ ਗਈ ਤਾਲਮੇਲ ਕਮੇਟੀ ਦੇ ਮੈਂਬਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਸਜੀਪੀਸੀ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਐਸਜੀਪੀਸੀ ਮੂੰਹ ਦੀ ਮਿੱਠੀ ਬਣ ਰਹੀ ਹੈ ਤੇ ਦੂਸਰੇ ਪਾਸੇ ਸਮਾਗਮ ਮਨਾਉਣ ਲਈ ਆਪਣੇ ਪੱਧਰ 'ਤੇ ਵੱਖਰੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ।


ਚੰਨੀ ਨੇ ਐਸਜੀਪੀਸੀ ਦੀ ਨੀਤੀ ਨੂੰ ਦੋਗਲੀ ਕਰਾਰ ਦਿੱਤਾ ਹੈ। ਚੰਨੀ ਨੇ ਆਖਰੀ ਬੈਠਕ ਦਾ ਬਿਓਰਾ ਦਿੰਦੇ ਹੋਏ ਕਿਹਾ ਕਿ ਐਸਜੀਪੀਸੀ ਮੂੰਹ 'ਤੇ ਕੁਝ ਹੋਰ 'ਤੇ ਪਿੱਠ ਪਿੱਛੇ ਕੁਝ ਹੋਰ ਕਰ ਰਹੀ ਹੈ। ਸਰਕਾਰ ਨੇ 800 ਏਕੜ ਵਿੱਚ ਸੁਲਤਾਨਪੁਰ ਲੋਧੀ ਵਿਖੇ ਪੰਡਾਲ ਲਾਇਆ ਹੈ। ਐਸਜੀਪੀਸੀ ਦੇ ਪ੍ਰਧਾਨ ਨੂੰ ਇਸ ਗੱਲ ਬਾਰੇ ਜਾਣੂ ਕਰਵਾਇਆ ਗਿਆ ਸੀ।


ਚੰਨੀ ਨੇ ਦਾਅਵਾ ਕੀਤਾ ਹੈ ਪੰਜਾਬ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ ਕਿ ਐਸਜੀਪੀਸੀ ਤੇ ਸਰਕਾਰ ਇੱਕ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਕਰਵਾਉਣ ਪਰ ਉਨ੍ਹਾਂ ਸੁਖਬੀਰ ਬਾਦਲ 'ਤੇ ਇਲਜ਼ਾਮ ਲਾਏ ਕਿ ਸੁਖਬੀਰ ਤਾਲਮੇਲ ਨਹੀਂ ਬੈਠਣ ਦੇ ਰਹੇ। ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਕੋਸ਼ਿਸ਼ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਸਰਕਾਰ ਦੀ ਸਟੇਜ 'ਤੇ ਨਾ ਪਹੁੰਚ ਸਕਣ।