ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਪਟਿਆਲਾ ਨੂੰ ਸਹੀ ਰਸਤਾ ਦੇਣ ਸਬੰਧੀ ਪੱਤਰ ਭੇਜਿਆ ਹੈ। ਪੱਤਰ ਵਿੱਚ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਸੜਕ ’ਤੇ ਬਣ ਰਹੇ ਫਲਾਈਓਵਰ ਕਰਕੇ ਗੁਰਦੁਆਰੇ ਨੂੰ ਜਾਂਦਾ ਰਸਤਾ ਬੰਦ ਹੋ ਸਕਦਾ ਹੈ। ਅਜਿਹੇ ਵਿੱਚ ਕੇਂਦਰੀ ਟਰਾਂਸਪੋਰਟ ਮਹਿਕਮਾ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰਦੁਆਰੇ ਨਾਲ ਲੱਗਦੀ ਸੜਕ ਨੂੰ ਪ੍ਰਭਾਵਿਤ ਹੋਣ ਤੋਂ ਬਚਾਏ।

ਪ੍ਰੋ. ਬਡੂੰਗਰ ਨੇ ਪੱਤਰ ਵਿੱਚ ਗਡਕਰੀ ਦਾ ਧਿਆਨ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵੱਲ ਦਿਵਾਇਆ ਹੈ। ਇਹ ਗੁਰਦੁਆਰਾ ਸਿੱਖ ਗੁਰਦੁਆਰਾ ਐਕਟ 1925 ਅਧੀਨ ਸ਼ੈਡਿਊਲ 1 (ਫਸਟ) ਸੀਰੀਅਲ ਨੰਬਰ 243 ਅਧੀਨ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਤੇ ਹਾਈਵੇਅ ਮੰਤਰਾਲੇ ਵੱਲੋਂ ਚੰਡੀਗੜ੍ਹ ਤੋਂ ਪਟਿਆਲਾ ਜਾਣ ਵਾਲੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ।

ਇਸੇ ਕਾਰਜ ਅਧੀਨ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਬਹਾਦਰਗੜ੍ਹ ਟਾਊਨ ਜੋ ਰਾਜਪੁਰਾ ਤੋਂ ਪਟਿਆਲਾ ਦੀ ਮੁੱਖ ਸੜਕ 'ਤੇ ਸਥਿਤ ਹੈ, ਵਿਖੇ ਫਲਾਈਓਵਰ (ਪੁਲ) ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਫਲਾਈਓਵਰ ਬਣਨ ਨਾਲ ਜੋ ਸੜਕ ਗੁਰਦੁਆਰੇ ਨਾਲ ਜੁੜਦੀ ਹੈ, ਉਹ ਬੰਦ ਹੋ ਜਾਵੇਗੀ। ਇਸ ਕਾਰਨ ਇਸ ਸਥਾਨ 'ਤੇ ਆਉਣ ਵਾਲੀ ਸੰਗਤ ਨੂੰ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਟਰਾਂਸਪੋਰਟ ਮੰਤਰੀ ਅਪੀਲ ਕੀਤੀ ਕਿ ਸੰਗਤ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਪਟਿਆਲਾ ਨੂੰ ਜਾਣ ਵਾਲੇ ਰਸਤੇ ਨੂੰ ਸੁਖਾਲਾ ਬਣਾਇਆ ਜਾਵੇ।