Punjab News:  ਪੰਜਾਬ ਵਿਧਾਨ ਸਭਾ ਦਾ ਸੱਦੇ ਗਿਆ ਵਿਸ਼ੇਸ਼ ਇਜਲਾਸ ਇਸ ਵਾਰ ਜ਼ਿਆਦਾ ਵਿਵਾਦਾਂ ਵਿੱਚ ਘਿਰਿਆ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਉੱਤੇ ਸਿੱਖ ਵਿਰੋਧੀ ਟਿੱਪਣੀਆਂ ਕਰਨ ਦੇ ਇਲਜ਼ਾਮ ਲੱਗੇ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਬੁਢਲਾਡਾ ਦੇ ਵਿਧਾਇਕ ਪ੍ਰੋ ਬੁੱਧ ਰਾਮ ਦੀਆਂ ਟਿੱਪਣੀਆਂ ਉੱਤੇ ਵੀ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ। 


ਜ਼ਿਕਰ ਕਰ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਇਜਲਾਸ ਅੰਦਰ ਪੰਜਾਬ ਦੇ ਮੁੱਖ ਮੰਤਰੀ ਅਤੇ ਬੁਢਲਾਡਾ ਦੇ ਵਿਧਾਇਕ ਵੱਲੋਂ ਸਿੱਖ ਵਿਰੋਧੀ ਟਿੱਪਣੀਆਂ ਨੂੰ ਰਿਕਾਰਡ ਦਾ ਹਿੱਸਾ ਨਾ ਬਣਾਉਣ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸਪੀਕਰ ਨੂੰ ਪੱਤਰ ਲਿਖਿਆ ਗਿਆ ਹੈ। ਇਹ ਮੰਗ ਵੀ ਕੀਤੀ ਗਈ ਹੈ ਕਿ ਚੁਣੇ ਨੁਮਾਇੰਦਿਆਂ ਨੂੰ ਲੋਕ ਭਾਵਨਾਵਾਂ ਅਤੇ ਧਾਰਮਿਕ ਸਰੋਕਾਰਾਂ ਦੀ ਕਦਰ ਕਰਨੀ ਸਿਖਾਈ ਜਾਵੇ।






ਐਸਜੀਪੀਸੀ ਦੀ ਚਿੱਠੀ ਵਿੱਚ ਲਿਖਿਆ ਗਿਆ ਕਿ ਬੁਢਲਾਢਾ ਤੋਂ ਵਿਧਾਇਕ ਬੁੱਧ ਰਾਮ ਵੱਲੋਂ ਕਈ ਸਿੱਖ ਵਿਰੋਧੀ ਟਿੱਪਣੀਆਂ ਕੀਤੀਆਂ ਗਈਆਂ ਹਨ। ਬੁੱਧ ਰਾਮ ਵੱਲੋਂ ਆਪਣੇ  ਸੰਬੋਧਨ ਵਿੱਚ ਸਤਿਕਾਰਤ ਭਗਤ ਸਾਹਿਬਾਨ ਤੇ ਭੱਟ ਸਾਹਿਬਾਨ ਦੇ ਨਾਂਅ ਸਤਿਕਾਰਹੀਣ ਭਾਸ਼ਾ ਵਿੱਚ ਲਏ ਗਏ ਹਨ। ਜਿਨ੍ਹਾਂ ਤੋਂ ਬਾਅਦ ਸਿੱਖ ਜਗਤ ਅੰਦਰ ਵੱਡਾ ਰੋਸ ਪਾਇਆ ਜਾ ਰਿਹਾ ਹੈ। ਚਿੱਠੀ ਵਿੱਚ ਲਿਖਿਆ, ਵਿਧਾਨ ਸਭਾ ਲੋਕਤੰਤਰ ਤੇ ਨਿਰਪੱਖ ਵਿਚਾਰਧਾਰਾ ਦਾ ਮੰਚ ਹੈ ਜਿੱਥੇ ਕਿਸੇ ਵੀ ਧਰਮ ਦੇ ਨਿਰਾਦਰ ਨੂੰ ਕੋਈ ਥਾਂ ਨਹੀਂ, ਤੁਸੀਂ ਇਸ ਸਦਨ ਦੇ ਸੰਵਿਧਾਨ ਮੁਖੀ ਹੋ ਜਿਸ ਦੀ ਮਰਯਾਦਾ ਨੂੰ ਬਰਕਰਾਰ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ।


ਚਿੱਠੀ ਵਿੱਚ ਸਪੀਕਰ ਨੂੰ ਅਪੀਲ ਕੀਤੀ ਗਈ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆ ਮੁੱਖ ਮੰਤਰੀ ਤੇ ਵਿਧਾਇਕ ਦੀਆਂ ਟਿੱਪਣੀਆਂ ਨੂੰ ਵਿਧਾਨ ਸਭਾ ਦੇ ਰਿਕਾਰਡ ਦਾ ਹਿੱਸਾ ਨਾ ਬਣਾਇਆ ਜਾਵੇ। ਇਸ ਦੇ ਨਾਲ ਹੀ ਨੁਮਾਇੰਦਿਆ ਨੂੰ ਲੋਕ ਭਾਵਨਾਵਾਂ ਅਤੇ ਧਾਰਮਿਕ ਸਰੋਕਾਰਾਂ ਦੀ ਕਦਰ ਕਰਨ ਦੀ ਹਿਦਾਇਤ ਕੀਤੀ ਜਾਵੇ।