ਪੰਜਾਬ ਦੇ 700 ਵਿਦਿਆਰਥੀਆਂ ਨੂੰ ਜਾਅਲੀ ਆਫਰ ਲੈਟਰ ਦੇ ਕੇ ਕੈਨੇਡਾ ਭੇਜਣ ਵਾਲੇ ਟਰੈਵਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਿਹਾਰ ਦਾ ਰਹਿਣ ਵਾਲਾ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ 'ਚ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਜਾਅਲੀ ਆਫਰ ਲੈਟਰ ਦਾ ਮਾਮਲਾ ਉੱਠਿਆ ਸੀ ਤਾਂ ਬ੍ਰਿਜੇਸ਼ ਮਿਸ਼ਰਾ ਆਪਣਾ ਕਾਰੋਬਾਰ ਬੰਦ ਕਰਕੇ ਭਾਰਤ 'ਚੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਗ਼ੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਦਾ ਬਾਰਡਰ ਪਾਰ ਕਰ ਰਿਹਾ ਸੀ।
ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬ੍ਰਿਜੇਸ਼ ਮਿਸ਼ਰਾ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਕੰਪਨੀ ਨੇ ਫੜ ਲਿਆ ਸੀ। ਇਸ ਤੋਂ ਬਾਅਦ ਫਰਜੀ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਸੀਮਾ ਸੁਰੱਖਿਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ।
ਬਿਹਾਰ ਦੇ ਦਰਭੰਗਾ ਦੇ ਥਲਵਾੜਾ ਦਾ ਰਹਿਣ ਵਾਲਾ ਬ੍ਰਿਜੇਸ਼ ਮਿਸ਼ਰਾ ਸਟੱਡੀ ਵੀਜ਼ਾ ਲੈਣ ਦਾ ਕੰਮ ਕਰਦਾ ਸੀ। ਬ੍ਰਿਜੇਸ਼ ਮਿਸ਼ਰਾ ਆਪਣੇ 2 ਸਾਥੀਆਂ ਨਾਲ ਜਲੰਧਰ ਵਿੱਚ ਇੱਕ ਇਮੀਗ੍ਰੇਸ਼ਨ ਏਜੰਸੀ ਚਲਾਉਂਦਾ ਸੀ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਲਾਪਤਾ ਹੋ ਗਿਆ ਸੀ। ਜਲੰਧਰ ਪੁਲਿਸ ਨੇ ਬ੍ਰਿਜੇਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ ਗੁਰਨਾਮ ਸਿੰਘ ਵਾਸੀ ਚੀਮਾ ਨਗਰ ਐਕਸਟੈਨਸ਼ਨ ਜਲੰਧਰ ਅਤੇ ਰਾਹੁਲ ਵਾਸੀ ਕਬੀਰ ਐਵੀਨਿਊ (ਲੱਡੇਵਾਲੀ) ਖਿਲਾਫ਼ ਪਰਚਾ ਵੀ ਦਰਜ ਕੀਤਾ ਹੋਇਆ ਹੈ।
ਪਰ ਪੁਲਿਸ ਨੂੰ ਚਕਮਾ ਦੇ ਕੇ ਇਹ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ। ਜਲੰਧਰ ਤੋਂ ਇਲਾਵਾ ਮਿਸ਼ਰਾ ਖਿਲਾਫ ਫਰੀਦਕੋਟ ਅਤੇ ਮਲੇਰਕੋਟਲਾ ਦੇ ਵੱਖ-ਵੱਖ ਥਾਣਿਆਂ 'ਚ 10 ਤੋਂ ਵੱਧ ਮਾਮਲੇ ਦਰਜ ਹਨ। ਮਿਸ਼ਰਾ ਨੇ 2013 ਵਿੱਚ ਈਜ਼ੀ-ਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਨਾਮ ਨਾਲ ਆਪਣੀ ਫਰਮ ਬਣਾਈ ਸੀ। ਸਾਲ 2014 ਵਿੱਚ ਵੀ ਉਹ ਵਿਦਿਆਰਥੀਆਂ ਨਾਲ ਧੋਖਾਧੜੀ ਕਰਦਾ ਫੜਿਆ ਗਿਆ ਸੀ।
ਡਿਪੋਰਟ ਦੀ ਲਟਕੀ ਤਲਵਾਰ ਦਾ ਸਾਹਮਣਾ ਕਰ ਰਹੇ ਇਹਨਾਂ ਵਿਦਿਆਰਥੀਆਂ ਨੇ ਮਿਸੀਸਾਗਾ ਵਿੱਚ ਵੀ ਧਰਨਾ ਵੀ ਦਿੱਤਾ ਹੈ। ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਵੀ ਨਿੱਤਰਿਆ ਹੈ। ਖਾਲਸਾ ਏਡ ਵੱਲੋਂ ਇਸ ਧਰਨੇ ਵਿੱਚ ਲੰਗਰ ਦੇ ਨਾਲ ਨਾਲ ਹੋਰ ਜ਼ਰੂਰੀ ਵਸਤੂਆਂ ਦੀ ਸੇਵਾ ਕੀਤੀ ਗਈ ਹੈ। ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਐਲੀ ਮਾਂਗਟ ਵੀ ਇਸ ਧਰਨੇ ਵਿੱਚ ਸ਼ਾਮਲ ਹੋ ਕੇ ਵਿਦਿਆਰਥੀਆਂ ਦੇ ਹੱਕ 'ਚ ਆਈ ਸਨ।
ਇਹ ਵੀ ਪੜ੍ਹੋ - ਕੈਨੇਡਾ 'ਚ ਫਸੇ 700 ਪੰਜਾਬੀ ਵਿਦਿਆਰਥੀਆਂ ਨੂੰ ਰਾਹਤ, ਡਿਪੋਟ ਕਰਨ 'ਤੇ ਲੱਗੀ ਰੋਕ