ਗਗਨਦੀਪ ਸ਼ਰਮਾ ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ਼ ਦੀਆਂ ਗੈਲਰੀਆਂ 'ਚ ਦੇਸ਼ ਅਤੇ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ ਨਾਲ ਸਬੰਧਿਤ ਪ੍ਰਸਿੱਧ ਕ੍ਰਾਂਤੀਕਾਰੀਆਂ ਅਤੇ ਸ਼ਹੀਦਾਂ ਦੀਆਂ ਲਗਾਈਆਂ ਤਸਵੀਰਾਂ ਦੇ ਹੇਠਾਂ ਇਕ ਪਾਸੇ ਜਿੱਥੇ ਉਨਾਂ ਦੇ ਨਾਮ ਗਲਤ ਲਿਖੇ ਗਏ ਹਨ, ਉਥੇ ਹੀ ਉਨ੍ਹਾਂ ਨਾਲ ਸਬੰਧਿਤ ਜਾਣਕਾਰੀ ਨਾ ਲਗਾਏ ਜਾਣ ਕਰਕੇ ਸੈਲਾਨੀ ਅਤੇ ਬਾਗ਼ ਵਿਖੇ ਪਹੁੰਚਣ ਵਾਲੇ ਯਾਤਰੀ ਕ੍ਰਾਂਤੀਕਾਰੀਆਂ ਦੀ ਪਹਿਚਾਣ ਨੂੰ ਲੈ ਕੇ ਭੰਬਲਭੂਸੇ 'ਚ ਹਨ। ਪੁਰਾਤਤਵ ਵਿਭਾਗ ਦੀ ਦੇਖ-ਰੇਖ 'ਚ ਕਾਇਮ ਕੀਤੀਆਂ ਗੈਲਰੀਆਂ 'ਚ ਕ੍ਰਾਂਤੀਕਾਰੀਆਂ ਦੇ ਨਾਂਅ 'ਚ ਵੀ ਵੱਡੀਆਂ ਗ਼ਲਤੀਆਂ ਕੀਤੀਆਂ ਗਈਆਂ ਹਨ।

 

ਜਿਸ ਤਹਿਤ ਸ਼ਹਿਰ ਦੇ ਪ੍ਰਸਿੱਧ ਕ੍ਰਾਂਤੀਕਾਰੀ ਚੌਧਰੀ ਬੁੱਗਾ ਮਲ ਨੂੰ ਚੌਧਰੀ ਬੱਗਾ ਮੱਲ ਲਿਖਿਆ ਗਿਆ ਹੈ ,ਜਦਕਿ ਮਹਾਸ਼ਾ ਰਤਨ ਚੰਦ, ਜੋ ਮਹਾਤਮਾ ਗਾਂਧੀ ਦੇ ਕਰੀਬੀ ਸਨ ਤੇ ਮਹਾਤਮਾ ਗਾਂਧੀ ਉਨਾਂ ਨੂੰ ਮਹਾਸ਼ਾ ਰੱਤੂ ਕਹਿ ਕੇ ਪੁਕਾਰਦੇ ਸਨ, ਦੇ ਨਾਮ ਲਾਲਾ ਰਤਨ ਚੰਦ ਲਿਖ ਦਿੱਤਾ ਹੈ ਜਦਕਿ ਜਲਿਆਵਾਲਾ ਬਾਗ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਥਾਂ 'ਤੇ ਉਨਾਂ ਦਾ ਨਾਂ ਮੁਹੰਮਦ ਸਿੰਘ ਆਜ਼ਾਦ ਲਿਖਿਆ ਹੋਇਆ ਹੈ। ਕੇਂਦਰ ਸਰਕਾਰ ਨੇ ਪੁਰਾਤੱਤਵ ਵਿਭਾਗ ਜਰੀਏ ਇਕ ਨਿੱਜੀ ਕੰਪਨੀ ਨੂੰ ਜਲਿਆਵਾਲਾ ਬਾਗ ਦੇ ਸਾਕੇ ਨੂੰ 100 ਸਾਲ ਪੂਰੇ ਹੋਣ 'ਤੇ ਨਵੀਨੀਕਰਣ ਕਰਨ ਟੈਂਡਰ ਜਾਰੀ ਕੀਤਾ ਤੇ ਕਰੀਬ 20 ਕਰੋੜ ਦੀ ਲਾਗਤ ਨਾਲ ਨਵੀਨੀਕਰਣ ਹੋਣ ਤਾਂ ਕਰੀਬ 1 ਸਾਲ ਪਹਿਲਾਂ ਹੀ ਜਲਿਆਵਾਲਾ ਬਾਗ ਆਮ ਲੋਕਾਂ ਲਈ ਖੋਲਿਆ ਗਿਆ। ਪਹਿਲਾਂ ਹਰੇਕ ਕ੍ਰਾਂਤੀਕਾਰੀ/ਸ਼ਹੀਦ ਦੇ ਯੋਗਦਾਨ ਤੇ ਜੀਵਨੀ ਬਾਰੇ ਲਿਖਤੀ ਜਾਣਕਾਤੀ ਤਸਵੀਰਾਂ ਹੇਠਾਂ ਲਿਖੀ ਹੁੰਦੀ ਸੀ, ਜੋ ਨਵੀਨੀਕਰਣ ਤੋਂ ਬਾਅਦ ਗਾਇਬ ਹੈ।


ਚੌਧਰੀ ਬੱਗੂ ਮੱਲ 'ਤੇ ਮਹਾਸ਼ਾ ਰਤਨ ਚੰਦ ਦਾ ਯੋਗਦਾਨ


ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰ ਅਪ੍ਰੈਲ 1919 'ਚ ਰਾਮ ਨੌਮੀ ਦਾ ਤਿਉਹਾਰ ਅੰਮ੍ਰਿਤਸਰ ਵਿਖੇ ਹਿੰਦੂਆਂ ਤੇ ਮੁਸਲਮਾਨਾਂ ਵਲੋਂ ਸਾਂਝੇ ਤੋਰ 'ਤੇ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ ਸੀ। ਉਸ ਮੌਕੇ ਸ਼ਹਿਰ 'ਚ ਕੱਢੇ ਗਏ ਵਿਸ਼ਾਲ ਜਲੂਸ ਦੀ ਅਗਵਾਈ ਸੱਤਿਆਗ੍ਰਹਿ ਸਭਾ ਦੇ ਸਕੱਤਰ ਡਾ: ਹਾਫ਼ਿਜ਼ ਮੁਹੰਮਦ ਬਸ਼ੀਰ ਅਤੇ ਚੌਧਰੀ ਬੁੱਗਾ ਮਲ ਨੇ ਕੀਤੀ ਸੀ। ਹਿੰਦੂ-ਮੁਸਲਮਾਨ ਏਕਤਾ ਦੇ ਪ੍ਰਤੀਕ ਇਸ ਜਲੂਸ ਨੂੰ ਕਾਮਯਾਬ ਕਰਨ 'ਚ ਚੌਧਰੀ ਬੱਗੂ ਮੱਲ ਤੇ ਮਹਾਸ਼ਾ ਰਤਨ ਚੰਦ ਦਾ ਅਹਿਮ ਯੋਗਦਾਨ ਸੀ, ਜਿਸ ਨੂੰ ਦੇਖ ਕੇ ਅੰਗਰੇਜ ਹਕੂਮਤ ਦੇ ਹੌਸਲੇ ਪਸਤ ਹੋ ਗਏ ਸਨ।


ਇਸ ਦੇ ਬਾਅਦ ਚੌਧਰੀ ਬੁੱਗਾ ਮਲ ਨੂੰ ਅੰਗਰੇਜ਼ੀ ਸਰਕਾਰ ਵਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਪਰ ਪੰਡਿਤ ਮੋਤੀ ਲਾਲ ਨਹਿਰੂ ਨੇ ਉਨ੍ਹਾਂ ਦਾ ਕੇਸ ਲੜ ਕੇ ਇਹ ਸਜ਼ਾ ਉਮਰ ਕੈਦ 'ਚ ਤਬਦੀਲ ਕਰਵਾ ਦਿੱਤੀ। ਉਨ੍ਹਾਂ ਨੂੰ ਕਾਲੇ ਪਾਣੀ ਦੀ ਜੇਲ੍ਹ 'ਚ ਕੈਦ ਕਰਕੇ ਰੱਖਿਆ ਗਿਆ। ਅੰਮ੍ਰਿਤਸਰ ਜ਼ਿਲ੍ਹੇ ਦੇ ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਫੋਨ 'ਤੇ ਏਬੀਪੀ ਸਾਂਝਾ ਨੂੰ ਕਿਹਾ ਕਿ ਨਾਵਾਂ ਨਾਲ ਛੇੜਛਾੜ ਦਾ ਮਾਮਲਾ ਉਨਾਂ ਦੇ ਧਿਆਨ 'ਚ ਹੁਣੇ ਹੀ ਆਇਆ ਹੈ ਤੇ ਇਸ ਨੂੰ ਦਰੁੱਤ ਕਰਵਾਉਣ ਲਈ ਉਹ ਸੰਬੰਧਤ ਵਿਭਾਗ ਨੂੰ ਲਿਖਣ ਜਾ ਰਹੇ ਹਨ ਤੇ ਛੇਤੀ ਹੀ ਇਹ ਠੀਕ ਕਰਵਾ ਦਿੱਤੇ ਜਾਣਗੇ।

ਕੀ ਕਹਿੰਦੇ ਨੇ ਇਤਿਹਾਸਕਾਰ


ਇਤਿਹਾਸ ਜਾਣਕਾਰ ਪ੍ਰੋ. ਦਰਬਾਰੀ ਲਾਲ ਮੁਤਾਬਕ ਅੰਗਰੇਜਾਂ ਵਿਰੁੱਧ ਆਜ਼ਾਦੀ ਦੀ ਲੜਾਈ ਤੇ ਖਾਸਕਾਰ ਰੌਲਟ ਅੇੈਕਟ ਦਾ ਵਿਰੋਧ ਨੂੰ ਪੰਜਾਬ 'ਚ ਪ੍ਰਚੰਡ ਕਰਨ 'ਚ ਚੌਧਰੀ ਬੁੱਗਾ ਮੱਲ ਤੇ ਮਹਾਸ਼ਾ ਰਤਨ ਚੰਦ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਅੰਗਰੇਜ਼ ਜਿੱਥੇ ਹਿੰਦੂ ਮੁਸਲਮਾਨਾਂ 'ਚ ਪਾੜ ਕੇ/ਵੰਡ ਕੇ ਰਾਜ ਕਰਨਾ ਚਾਹੁੰਦੇ ਸਨ, ਉਥੇ ਹੀ ਪੰਜਾਬ 'ਚ ਹਿੰਦੂ-ਮੁਸਲਮਾਨ ਏਕਤਾ ਨੂੰ ਮਜਬੂਤ ਕਰਨ ਤੇ ਅੰਗਰੇਜਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ 'ਚ ਏਨਾ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਅੰਗਰੇਜ ਹਕੂਮਤ ਵਿਰੁੱਧ ਜੋ ਵੀ ਸੰਘਰਸ਼ ਲੜੇ ਗਏ, ਦੋਵਾਂ ਨੇ ਅੰਮ੍ਰਿਤਸਰ 'ਚ ਵੱਡਾ ਯੋਗਦਾਨ ਦਿੱਤਾ। ਚੌਧਰੀ ਬੁੱਗਾ ਮੱਲ ਨੂੰ ਤਾਂ ਅੰਗਰੇਜ ਹਕੂਮਤ ਨੇ ਫਾਂਸੀ ਦੀ ਸਜ਼ਾ ਤੱਕ ਸੁਣਾ ਦਿੱਤੀ ਸੀ ਪਰ ਬਾਅਦ 'ਚ ਉਹ ਉਮਰ ਕੈਦ 'ਚ ਤਬਦੀਲ ਹੋਈ ਤੇ ਉਹ ਡੇਢ ਦਹਾਕਾ ਕਾਲੇ ਪਾਣੀ ਦੀ ਸਜਾ ਕੱਟ ਕੇ ਆਏ।

ਕੀ ਕਹਿੰਦੇ ਨੇ ਸੈਲਾਨੀ

ਜਲਿਆਵਾਲਾ ਬਾਗ 'ਚ ਆਉਣ ਵਾਲੇ ਸੈਲਾਨੀਆ ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਭਗਤ ਤੇ ਕ੍ਰਾਂਤੀਕਾਰੀਆਂ ਨੂੰ ਅਸੀਂ ਨਹੀਂ ਜਾਣਦੇ ਤੇ ਨਾ ਹੀ ਵਿਦੇਸ਼ੀ ਲੋਕ ਤੇ ਇਨ੍ਹਾਂ ਬਾਰੇ ਤਸਵੀਰਾਂ ਹੇਠ ਨਾਮ ਸਹੀ ਲਿਖਣੇ ਚਾਹੀਦੇ ਹਨ ਤੇ ਯੋਗਦਾਨ ਤੇ ਜੀਵਨੀ ਵੀ ਲਿਖਤੀ ਹੋਣੀ ਚਾਹੀਦੇ ਹੈ ਤਾਂ ਇਥੇ ਆਉਣ ਵਾਲਿਆਂ ਤੇ ਸਾਰਿਆਂ ਨੂੰ ਪਤਾ ਸ਼ਹੀਦਾਂ ਦੇ ਯੋਗਦਾਨ ਦਾ ਪਤਾ ਲੱਗ ਸਕੇ।