Farmers Protest: ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬਾਰਡਰ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਧਰਨਾ ਦੇ ਰਹੀਆਂ ਹਨ। ਅੱਜ ਸਥਾਨਕ ਦਰਜਨ ਤੋਂ ਵੱਧ ਪਿੰਡ ਵਾਸੀਆਂ ਵੱਲੋਂ ਇਕੱਠਾ ਹੋ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਹੋਰ ਕਿਸਾਨ ਆਗੂਆਂ ਨੂੰ ਬੇਨਤੀ ਪੱਤਰ ਦਿੱਤਾ ਗਿਆ। ਇਸ ਮੌਕੇ ਪਿੰਡ ਰਾਜਗੜ੍ਹ, ਤੇਪਲਾ, ਮਹਿਮਦਪੁਰ, ਸ਼ੰਭੂ, ਸਮੇਤ ਬਾਰਡਰ ਦੇ ਨਜ਼ਦੀਕ ਪੈਂਦੇ ਪਿੰਡ ਵਾਸੀ ਮੰਗ ਪੱਤਰ ਦੇਣ ਪਹੁੰਚੇ।
ਇਸ ਦੌਰਾਨ ਲੰਬੜਦਾਰ ਗੁਰਮੀਤ ਸਿੰਘ, ਭਗਵੰਤ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ, ਮਿੰਟੂ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ ਆਦਿ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਆਸ ਪਾਸ ਦੇ ਡੇਢ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਿੰਡਾਂ ਦਾ ਸੰਪਰਕ ਅੰਬਾਲਾ ਸ਼ਹਿਰ ਨਾਲ ਸੀ। ਸਿਹਤ ਸਹੂਲਤਾਂ ਹੋਣ ਜਾਂ ਫਿਰ ਹੋਰ ਕੋਈ ਮੁੱਢਲੀ ਸਹੂਲਤ ਸਭ ਲਈ ਅੰਬਾਲਾ ਸ਼ਹਿਰ ਹੀ ਜਾਣਾ ਪੈਂਦਾ ਸੀ।
ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਖੁਦ ਕਿਸਾਨੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਤੇ ਆਉਣ ਵਾਲੇ ਬਰਸਾਤੀ ਸੀਜ਼ਨ ਨੂੰ ਦੇਖਦਿਆਂ ਹੋਇਆਂ ਅੱਜ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਸਾਡੀ ਸਮੱਸਿਆ ਦਾ ਢੁਕਵਾਂ ਹੱਲ ਕੱਢਿਆ ਜਾਵੇ। ਘੱਗਰ ਦਰਿਆ ਵਿੱਚ ਪਾਣੀ ਵਧਣ ਕਾਰਨ ਜੋ ਪੁਲ ਆਰਜੀ ਤੌਰ ਤੇ ਬਣਾਏ ਗਏ ਹਨ, ਉਹ ਪਾਣੀ ਦੀ ਚਪੇਟ ਵਿੱਚ ਆਉਣਗੇ ਤੇ ਇਲਾਕੇ ਦੇ ਵਿੱਚ ਖਤਰਾ ਪੈਦਾ ਹੋ ਸਕਦਾ ਹੈ।
ਇਸ ਨੂੰ ਲੈ ਕੇ ਨੈਸ਼ਨਲ ਹਾਈਵੇ ਜਿਸ ਦੇ ਲੰਬੇ ਸਮੇਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਸ ਨੂੰ ਲੈ ਕੇ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਇਸ ਵਿੱਚ ਐਂਬੂਲੈਂਸ ਸਮੇਤ ਦੋ ਪਈਆ ਵਾਹਨ ਨੂੰ ਰਸਤਾ ਦਿੱਤਾ ਜਾਵੇ। ਇਸ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਦੋ ਦਿਨ ਦਾ ਸਮਾਂ ਮੰਗਿਆ ਗਿਆ ਹੈ ਤੇ ਕੋਈ ਢੁਕਵਾਂ ਹੱਲ ਕੱਢਣ ਕੱਢਣ ਦਾ ਭਰੋਸਾ ਵੀ ਦਿੱਤਾ ਗਿਆ।
ਉਧਰ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਨੈਸ਼ਨਲ ਹਾਈਵੇ ਉੱਪਰ ਕੰਧਾਂ ਕੱਢੀਆਂ ਗਈਆਂ ਹਨ। ਇਸ ਨੂੰ ਲੈ ਕੇ ਕਿਸਾਨ ਮੋਰਚੇ ਦੇ ਦੋਨੋਂ ਫੋਰਮਾਂ ਵਿੱਚ ਵਿਚਾਰ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਦੋ ਪਹੀਆ ਵਾਹਨਾ ਲਈ ਰਸਤਾ ਖੋਲ੍ਹਿਆ ਜਾਵੇ ਜਿਸ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਤੋਂ ਵੀ ਅਪੀਲ ਕਰਦੇ ਹਾਂ ਕਿ ਸਾਰੇ ਬਾਰਡਰਾਂ ਤੇ ਰਸਤੇ ਨੂੰ ਖੋਲ੍ਹ ਦਿੱਤਾ ਜਾਵੇ। ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਦਿੱਤਾ ਜਾਵੇ ਤੇ ਹਾਈਵੇ ਖੋਲ੍ਹ ਦਿੱਤੇ ਜਾਣ। ਇਸ ਨਾਲ ਲੋਕਾਂ ਦੀ ਸਮੱਸਿਆਵਾਂ ਦਾ ਵੀ ਹੱਲ ਹੋ ਜਾਵੇਗਾ। ਜਦੋਂ ਉਨ੍ਹਾਂ ਪੁੱਛਿਆ ਕਿ ਜੇਕਰ ਹਰਿਆਣਾ ਪ੍ਰਸ਼ਾਸਨ ਦੋ ਪਈਆ ਵਾਹਨਾਂ ਲਈ ਰਸਤਾ ਖੋਲ੍ਹ ਦੇਵੇਗਾ ਤਾਂ ਕਿਸਾਨ ਅੱਗੇ ਵਧਣਗੇ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਅੱਗੇ ਹੀ ਵਧਣਾ ਸੀ ਤਾਂ ਉਹ ਕਦੋਂ ਦੇ ਅੱਗੇ ਵਧ ਜਾਂਦੇ।