CM Bhagwant Mann: ਮੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਸ਼ਹੀਦਾਂ ਨੂੰ ਨਿੰਦਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੁੱਖ ਹੁੰਦਾ ਹੈ ਜਦੋਂ ਕੋਈ ਸ਼ਹੀਦਾਂ ਦੀਆਂ ਕੁਰਬਾਨੀਆਂ ‘ਤੇ ਸਵਾਲ ਚੁੱਕਦਾ ਹੈ। ਮੱਖ ਮੰਤਰੀ ਭਗਵੰਤ ਮਾਨ ਦਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਵੱਲ ਸੀ ਜਿਨ੍ਹਾਂ ਨੇ ਭਗਤ ਸਿੰਘ ਦੀ ਸ਼ਹਾਦਤ ਉੱਪਰ ਸਵਾਲ ਉਠਾਏ ਸੀ।
ਮੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇੱਕ ਉਹ ਸ਼ਹੀਦ ਸੀ ਜੋ 23 ਸਾਲ ਦੀ ਉਮਰ ’ਚ ਅੰਗਰੇਜ਼ਾਂ ਤੋਂ ਮੁਲਕ ਲੈਣ ਲਈ ਲੜਦੇ ਸੀ। ਇੱਕ ਅੱਜ ਦੇ ਲੀਡਰ ਨੇ ਜੋ ਉਨ੍ਹਾਂ ਦੁਆਰਾ ਲਈ ਗਈ ਆਜ਼ਾਦੀ ਤੋਂ ਬਾਅਦ ਬਣੇ ਸੰਵਿਧਾਨ ਦੀ ਸਹੁੰ ਖਾ ਕੇ ਵੀ ਉਨ੍ਹਾਂ ਨੂੰ ਨਿੰਦਦੇ ਫਿਰਦੇ ਹਨ।
ਦੱਸ ਦਈਏ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਪੰਜਾਬ ਦੇ ਸੁਨਾਮ 'ਚ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਚੀਮਾ ਅਤੇ 'ਆਪ' ਲੀਡਰਸ਼ਿਪ ਵੀ ਮੌਜੂਦ ਰਹੇਗੀ।
ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਵੱਲੋਂ ਬੀਤੇ ਦਿਨ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਹਾਨ ਕ੍ਰਾਂਤੀਕਾਰੀ ਸ਼ਹੀਦ ਨੂੰ ਸਤਿਕਾਰ ਭੇਂਟ ਕਰਨ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੇ ਜੱਦੀ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ‘ਚ ਅਹਿਮ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦੀ ਦਵਾਉਣ ਲਈ ਆਪਣੀਆਂ ਜਾਨਾਂ ਤੇ ਜਵਾਨੀਆਂ ਵਾਰਨ ਵਾਲੇ ਆਜ਼ਾਦੀ ਘੁਲ਼ਾਟੀਆਂ ਦਾ ਪੰਜਾਬ ਸਰਕਾਰ ਪੂਰਾ ਸਤਿਕਾਰ ਕਰਦੀ ਹੈ ਤੇ ਇਸੇ ਲਈ ਇਸ ਸਮਾਗਮ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸਮਾਗਮ ਸੁਨਾਮ ਸ਼ਹਿਰ ਦੀ ਦਾਣਾ ਮੰਡੀ ‘ਚ ਮਨਾਇਆ ਜਾਣਾ ਸੀ ਪਰ ਖ਼ਰਾਬ ਮੌਸਮ ਦੇ ਮੱਦਨਜ਼ਰ ਹੁਣ ਪਟਿਆਲਾ ਰੋਡ ‘ਤੇ ਸਥਿਤ ਨਿਊ ਮਹਾਰਾਜਾ ਮੱਲ੍ਹੀ ਪੈਲੇਸ ‘ਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰਵਾਉਣ ਲਈ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।