ਚੰਡੀਗੜ੍ਹ: ਸਿਆਸੀ ਪਾਰਟੀਆਂ ਇੰਨੀਆਂ ਅੰਨ੍ਹੀਆਂ ਹੋ ਗਈਆਂ ਹਨ ਕਿ ਆਪਣੀ ਨਾਲਾਇਕੀ ਛੁਪਾਉਣ ਲਈ ਅੰਨ੍ਹਦਾਤਾ ਨੂੰ ‘ਸ਼ਹਿਰੀ ਨਕਸਲੀ’, ‘ਖਾਲਿਸਤਾਨੀ’ ਤੇ ‘ਬਦਮਾਸ਼’ ਤੱਕ ਕਿਹਾ ਜਾ ਰਿਹਾ ਹੈ। ਇਹ ਟਿੱਪਣੀਆਂ ਸੁਣ ਕੇ ਹਰ ਦੇਸ਼ ਵਾਸੀ ਦਾ ਹਿਰਦਾ ਵਲੂੰਦਰਿਆ ਜਾ ਰਿਹਾ ਹੈ। ਪਹਿਲਾਂ ਸੋਸ਼ਲ ਮੀਡੀਆ ਉਪਰ ਅਜਿਹਾ ਪ੍ਰਚਾਰ ਹੋ ਰਿਹਾ ਸੀ ਪਰ ਹੁਣ ਕੌਮੀ ਮੀਡੀਆ ਦੇ ਕੁਝ ਚੈਨਲ ਤੇ ਲੀਡਰ ਸ਼ਰੇਆਮ ਇਹ ਸਭ ਕਹਿਣ ਲੱਗੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਭ ਲਈ ਭਾਰਤੀ ਜਨਤਾ ਪਾਰਟੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੀਜੇਪੀ ਲੀਡਰ ਇਨਸਾਫ਼ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ‘ਸ਼ਹਿਰੀ ਨਕਸਲੀ’, ‘ਖਾਲਿਸਤਾਨੀ’ ਤੇ ‘ਬਦਮਾਸ਼’ ਜਿਹੇ ਨਾਵਾਂ ਨਾਲ ਸੰਬੋਧਨ ਕਰ ਕੇ ਬਦਨਾਮ ਕਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਵਾਲੇ ਨਾਗਰਿਕਾਂ ਨੂੰ ਨਕਸਲੀ ਤੇ ਅਤਿਵਾਦੀ ਦੱਸਦੀ ਹੋਵੇ, ਉਸ ਪਾਰਟੀ ਕੋਲ ਇਨ੍ਹਾਂ ਨਾਗਰਿਕਾਂ ’ਤੇ ਸ਼ਾਸਨ ਕਰਨ ਦਾ ਵੀ ਕੋਈ ਹੱਕ ਨਹੀਂ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਘਰਸ਼ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਖੇਤੀਬਾੜੀ ’ਤੇ ਖ਼ਰੀ ਨਾ ਉਤਰਨ ਵਾਲੀ ਨੀਤੀ ਕਰ ਕੇ ਹੋ ਰਿਹਾ ਹੈ। ਉਨ੍ਹਾਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਭਾਜਪਾ ਅੰਨਦਾਤਿਆਂ ਦੀਆਂ ਦਲੀਲਾਂ ’ਤੇ ਗੌਰ ਕਰਨ ਦੀ ਬਜਾਏ ਕਿਸਾਨਾਂ ਨੂੰ ਬੇਇੱਜ਼ਤ ਕਰ ਕੇ ਆਵਾਜ਼ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਕੁਝ ਨੇਤਾ ਕੂੜ ਪ੍ਰਚਾਰ ਕਰ ਕੇ ਕਿਸਾਨਾਂ ਦੇ ਵਿਰੋਧ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।