ਚੰਡੀਗੜ੍ਹ: ਸਾਬਕਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਸਰਕਾਰ ਵੇਲੇ ਭ੍ਰਿਸ਼ਟ ਲੀਡਰਾਂ ਦੀ ਸੂਚੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਣ ਦੇ ਐਲਾਨ ਮਗਰੋਂ ਕਾਂਗਰਸ ਵਿੱਚ ਹੱਲਚੱਲ ਮੱਚ ਗਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਆਪ ਮੁੱਖ ਮੰਤਰੀ ਰਹੇ ਹਨ, ਜੇ ਉਹ ਚੰਗੇ ਹੁੰਦੇ ਤਾਂ ਮੁੱਖ ਮੰਤਰੀ ਹੁੰਦੇ ਹੋਏ ਭ੍ਰਿਸ਼ਟ ਨੇਤਾਵਾਂ 'ਤੇ ਕ‍ਾਰਵਾਈ ਕਰਦੇ ਪਰ ਪੰਜਾਬ ਦੇ ਵਿੱਚ ਗ਼ੈਰਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਕੈਪਟਨ ਦੀ ਸਹਿ 'ਤੇ ਚੱਲ ਰਹੀਆਂ ਸਨ। ਅੱਜ ਉਹ ਆਪਣੇ ਆਪ ਨੂੰ ਦੁੱਧ ਧੋਤਾ ਆਖ ਰਹੇ ਹਨ।



ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੋਟਾਂ ਕੇਜਰੀਵਾਲ ਨੂੰ ਨਹੀਂ ਪਈਆਂ ਸਗੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਨੂੰ ਦੇਖਦੇ ਹੋਏ ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ ਹਨ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਵੀ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਗਏ ਹਨ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸੀ। ਜੇ ਨਾ ਪੂਰਾ ਕੀਤੇ ਤਾਂ ਇਨ੍ਹਾਂ ਦਾ ਹਸ਼ਰ ਵੀ ਕੈਪਟਨ ਵਾਲਾ ਹੋਵੇਗਾ।

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਵੀਆਈਪੀ ਕਲਚਰ ਖ਼ਤਮ ਕਰਦੇ ਹੋਏ 400 ਤੋਂ ਵੱਧ ਵਿਧਾਇਕਾਂ, ਸਾਬਕਾ ਮੰਤਰੀਆਂ ਤੇ ਹੋਰ ਲੀਡਰਾਂ ਦੇ ਸੁਰੱਖਿਆ ਕਰਮੀਆਂ ਦੀ ਵਿੱਚ ਕਟੌਤੀ ਕੀਤੀ ਗਈ ਹੈ। ਇਸ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦਾ ਨਾਮ ਵੀ ਸ਼ਾਮਲ ਹੈ। ਇਸ ਮੌਕੇ ਜਦੋਂ ਸ਼ਮਸ਼ੇਰ ਸਿੰਘ ਦੂਲੋ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਵੀਆਈਪੀ ਕਲਚਰ ਖ਼ਤਮ ਕਰਨਾ ਆਪ ਸਰਕਾਰ ਦੀ ਚੰਗੀ ਗੱਲ ਹੈ। ਇਹ ਸੁਰੱਖਿਆ ਲੀਡਰਾਂ ਤੇ ਹੋਰ ਲੋਕਾਂ ਨੂੰ ਪੰਜਾਬ ਵਿੱਚ ਅੱਤਵਾਦ ਦੇ ਸਮੇਂ ਦਿੱਤੀ ਗਈ ਸੀ।

ਉਨ੍ਹਾਂ ਕਿਹਾ ਕਿ ਉਸ ਸਮੇਂ ਕਈ ਕਾਂਗਰਸੀ ਲੀਡਰ ਇੱਥੋਂ ਤੱਕ ਕਿ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਤੇ ਕਈ ਅਕਾਲੀ ਦਲ ਦੇ ਲੀਡਰਾਂ ਦੀ ਵੀ ਹੱਤਿਆ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ  ਸਰਕਾਰ ਦਾ ਇਹ ਚੰਗਾ ਫੈਸਲਾ ਹੈ ਕਿ ਵੀਆਈਪੀ ਕਲਚਰ ਨੂੰ ਖਤਮ ਕੀਤਾ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਕਿਸੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਟਾਰਗੇਟ ਨਾ ਕੀਤਾ ਜਾਵੇ।

ਦੂਲੋ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਉਨ੍ਹਾਂ ਨੂੰ ਪੱਤਰ ਲਿਖਿਆ ਸੀ ਕਿ ਸਕਿਓਰਿਟੀ 'ਚ ਕਟੌਤੀ ਹੋਣੀ ਚਾਹੀਦੀ ਹੈ। ਉੱਥੇ ਹੀ ਦੂਲੋ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਅਜਿਹੇ ਹਾਲਾਤ ਪੈਦਾ ਕਰਨੇ ਚਾਹੀਦੇ ਹਨ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਪਰ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕੁਝ ਚੰਗੀ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਹੈ, ਲੁੱਟ ਖੋਹ ਦੇ ਮਾਮਲੇ ਵਧ ਗਏ ਹਨ ਤੇ ਰੋਜ਼ਾਨਾ ਕਤਲ ਹੋ ਰਹੇ ਹਨ।