ਤਰਨ ਤਾਰਨ: ਕਸਬਾ ਭਿਖੀਵਿੰਡ 'ਚ ਹੋਏ ਕਾਮਰੇਡ ਬਲਵਿੰਦਰ ਸੰਧੂ ਕਤਲ ਬਾਰੇ ਪੁਲਿਸ ਨੇ ਕਈ ਖੁਲਾਸੇ ਕੀਤੇ ਹਨ। ਐਸਐਸਪੀ ਧਰੁੰਮਨ ਨਿੰਭਾਲੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਪੁਲਿਸ ਕੋਲ ਕੁਝ ਠੋਸ ਲੀਡ ਹਨ। ਉਮੀਦ ਹੈ ਕਿ ਛੇਤੀ ਹੀ ਕੇਸ ਨਤੀਜੇ ਤੱਕ ਪੁੱਜੇਗਾ। ਉਨ੍ਹਾਂ ਕਿਹਾ ਕਿ ਕਿਹੜੀ ਲੀਡ ਨਤੀਜੇ ਤੱਕ ਲੈ ਕੇ ਜਾਵੇਗੀ, ਇਹ ਵੀ ਛੇਤੀ ਹੀ ਪਤਾ ਲੱਗ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਇੰਚਾਰਜ ਹਰਦਿਆਲ ਮਾਨ ਵੀ ਮਾਮਲੇ ਦੀ ਪੜਤਾਲ ਸਬੰਧੀ ਤਰਨ ਤਾਰਨ ਪੁੱਜੇ। ਉਨ੍ਹਾਂ ਸੀਆਈਏ ਸਟਾਫ ਤਰਨ ਤਾਰਨ 'ਚ ਅਧਿਕਾਰੀਆਂ ਨਾਲ ਇਸ ਮਾਮਲੇ ਬਾਰੇ ਮੀਟਿੰਗ ਕੀਤੀ।


ਧਰੁੰਮਨ ਨਿੰਭਾਲੇ ਨੇ ਕਿਹਾ ਕਿ ਪਰਿਵਾਰ ਦੇ ਦੋਸ਼ ਹਨ ਕਿ ਅੱਤਵਾਦੀਆਂ ਨੇ ਕਤਲ ਕੀਤਾ ਹੈ ਪਰ ਫਿਲਹਾਲ ਸਾਡੇ ਕੋਲ ਇਸ ਮਾਮਲੇ 'ਤੇ ਕੋਈ ਲੀਡ ਨਹੀਂ। ਪੁਲਿਸ ਸਿੱਖਸ ਫਾਰ ਜਸਟਿਸ ਵਾਲੇ ਪੱਖ 'ਤੇ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੂਜਾ ਬੇਟੇ ਦੀ ਦੁਸ਼ਮਣੀ ਦਾ ਐਂਗਲ ਹੈ। ਪੁਲਿਸ ਉਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਤੇ ਤੀਜਾ ਪੁਲਿਸ ਇਸ ਪੱਖ ਤੋਂ ਵੀ ਕੰਮ ਕਰ ਰਹੀ ਹੈ ਕਿ ਕਾਮਰੇਡ ਬਲਵਿੰਦਰ ਦੀ ਕਿਸੇ ਨਾਲ ਨਿੱਜੀ ਰੰਜਿਸ਼ ਤਾਂ ਨਹੀਂ ਸੀ। ਪੁਲਿਸ ਇਨ੍ਹਾਂ ਤਿੰਨਾਂ ਥਿਊਰੀਆਂ 'ਤੇ ਕੰਮ ਕਰ ਰਹੀ ਹੈ।

ਧਰੁੰਮਨ ਨਿੰਭਾਲੇ ਨੇ ਸਪੱਸ਼ਟ ਦੱਸਿਆ ਕਿ ਰੈਡੀਕਲ ਐਂਗਲ ਦੀ ਸੰਭਾਵਨਾ ਨੂੰ ਕਦੇ ਹੀ ਰੱਦ ਨਹੀਂ ਕੀਤਾ। ਉਨਾਂ ਸਿਰਫ ਇਹ ਕਿਹਾ ਸੀ ਕਿ ਹਾਲੇ ਉਨ੍ਹਾਂ ਕੋਲ ਇਸ ਮਾਮਲੇ ਤੇ ਕੋਈ ਲੀਡ ਸਾਹਮਣੇ ਨਹੀਂ ਆਈ। ਉਨ੍ਹਾਂ ਮੁਤਾਬਕ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੇ ਮੋਟਰਸਾਈਕਲ ਤੋਂ ਕੁਝ ਸੁਰਾਗ ਮਿਲੇ ਹਨ ਤੇ ਹਮਲਾਵਰਾਂ ਦੀ ਪਛਾਣ ਤੇ ਵੀ ਪੁਲਿਸ ਕੰਮ ਕਰ ਰਹੀ ਹੈ।