ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਦੋ ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ, ਪਰ ਸਰਕਾਰ ਵੱਲੋਂ ਪੇਸ਼ ਕੀਤਾ ਜਾਣ ਵਾਲਾ ਬਿੱਲ ਅਜੇ ਤਕ ਤਿਆਰ ਨਹੀਂ ਹੋਇਆ ਸੀ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਰਕਾਰ ਨੇ ਬਿੱਲ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੋਇਆ ਹੈ। ਇੱਥੋਂ ਤਕ ਕਿ ਮੰਤਰੀ ਵੀ ਬਿੱਲ ਦੇ ਵਿਸ਼ੇ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਤੇ ਬਿੱਲ ਨੂੰ ਕੱਲ੍ਹ ਪੇਸ਼ ਕੀਤਾ ਜਾਣਾ ਹੈ।


ਅਕਾਲੀ ਦਲ ਦੇ ਵਿਧਾਇਕ ਵਿਧਾਨ ਸਭਾ ਸੈਸ਼ਨ 'ਚ ਸ਼ਾਮਲ ਹੋਣ ਲਈ ਟਰੈਕਟਰਾਂ ‘ਤੇ ਆਏ ਹੋਏ ਸੀ ਪਰ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਵਿਧਾਨ ਸਭਾ ਰੋਡ ਤੋਂ ਪਹਿਲਾਂ ਹੀ ਰੋਕ ਲਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਕਾਲੇ ਕੱਪੜੇ ਪਾ ਕੇ ਸਦਨ ਵਿੱਚ ਆਏ। ‘ਆਪ’ ਵਿਧਾਇਕਾਂ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸਦਨ ਦੇ ਬਾਹਰ ਕੇਂਦਰੀ ਖੇਤੀਬਾੜੀ ਐਕਟ ਦੀਆਂ ਕਾਪੀਆਂ ਸਾੜ ਦਿੱਤੀਆਂ।

ਪਹਿਲੇ ਦਿਨ ਰਾਜ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਮਰਨ ਵਾਲੇ 9 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਨਿਯਮਾਂ ਤੇ ਰਵਾਇਤਾਂ ਅਨੁਸਾਰ ਸਦਨ ਦੀ ਕੁਝ ਸਮੇਂ ਲਈ ਮੁਲਤਵੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਕਿ ਪੰਜਾਬ ਵਿਧਾਨ ਸਭਾ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੱਖੇ ਜਾਣ ਵਾਲੇ ਬਿੱਲ ਦੀ ਕਾਪੀ ਅਜੇ ਤੱਕ ਕਿਉਂ ਨਹੀਂ ਪੇਸ਼ ਕੀਤੀ ਗਈ?

ਖੇਤੀ ਕਾਨੂੰਨਾਂ 'ਤੇ ਵਿਧਾਨ ਸਭਾ 'ਚ ਸਿਆਸੀ ਖੇਡ! 'ਆਪ', ਅਕਾਲੀ ਦਲ ਤੇ ਕਾਂਗਰਸ ਨੇ ਕੀਤੇ 'ਹਥਿਆਰ ਤਿੱਖੇ'

ਇਸ ਬਾਰੇ ਸਦਨ ਵਿੱਚ ਨਾਅਰੇਬਾਜ਼ੀ ਸ਼ੁਰੂ ਹੋ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕ ਸਦਨ ਦੇ ਵੈੱਲ 'ਤੇ ਆ ਗਏ ਤੇ ਉੱਥੇ ਬੈਠ ਗਏ। ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਆਖਰਕਾਰ ਸਦਨ ਨੂੰ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ। ਦਰਅਸਲ, ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਖਰਾਬ ਸਿਹਤ ਕਾਰਨ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ ਸੀ, ਇਸ ਲਈ ਬਿੱਲਾਂ ਦੀ ਕਾਪੀ ਤਿਆਰ ਨਹੀਂ ਹੋ ਸਕੀ।

ਇਹ ਸਦਨ ਦੀ ਬਿਜਨੈਸ ਸਲਾਹਕਾਰ ਕਮੇਟੀ ਦੀ ਬੈਠਕ ਵਿੱਚ ਕਿਹਾ ਗਿਆ ਸੀ ਤੇ ਇਸ ਕਾਰਨ 20 ਅਕਤੂਬਰ ਨੂੰ ਬਿੱਲਾਂ ਨੂੰ ਪੇਸ਼ ਕਰਨ ਬਾਰੇ ਵਿਚਾਰ ਕੀਤਾ ਗਿਆ। ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਅੱਜ ਸਦਨ ਵਿੱਚ ਸ਼ਾਮਲ ਹੋਏ। ਉਹ ਦੂਜੇ ਵਿਧਾਇਕਾਂ ਨੂੰ ਤਾਂ ਜ਼ਰੂਰ ਮਿਲੇ ਪਰ ਉਨ੍ਹਾਂ ਇਕ ਵਾਰ ਵੀ ਮੁੱਖ ਮੰਤਰੀ ਨੂੰ ਨਹੀਂ ਬੁਲਾਇਆ।