ਨਵੀਂ ਦਿੱਲੀ: ਹਾਥਰਸ ’ਚ ਦਲਿਤ ਕੁੜੀ ਨਾਲ ਕਥਿਤ ਸਮੂਹਕ ਬਲਾਤਕਾਰ ਦੇ ਮਾਮਲੇ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਸੀਬੀਆਈ ਦੀ ਪੰਜ ਮੈਂਬਰੀ ਟੀਮ ਅਲੀਗੜ੍ਹ ਜੇਲ੍ਹ ਪੁੱਜ ਗਈ ਹੈ। ਇਸ ਤੋਂ ਪਹਿਲਾਂ ਇਸ ਟੀਮ ਨੇ ਜੇਐਨ ਮੈਡੀਕਲ ਕਾਲਜ ਵਿੱਚ ਕੁੜੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੋਂ ਪੁੱਛਗਿੱਛ ਕੀਤੀ ਸੀ।


ਉੱਧਰ 14 ਸਤੰਬਰ ਨੂੰ ਬਾਜਰੇ ਦੇ ਜਿਹੜੇ ਖੇਤ ਵਿੱਚ ਇਹ ਘਿਨਾਉਣੀ ਵਾਰਦਾਤ ਹੋਈ ਸੀ, ਉਸ ਦੇ ਮਾਲਕ ਨੇ ਯੋਗੀ ਸਰਕਾਰ ਤੋਂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਖੇਤ ਮਾਲਕ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਸ ਦੀ ਬਾਜਰੇ ਦੀ ਫ਼ਸਲ ਵਿੱਚ ਪੁਲਿਸ ਨੇ ਪਾਣੀ ਨਹੀਂ ਲੱਗਣ ਦਿੱਤਾ।


14 ਸਤੰਬਰ ਨੂੰ ਵਾਰਦਾਤ ਤੋਂ ਬਾਅਦ ਹਾਥਰਸ ’ਚ ਮੁੱਢਲੇ ਇਲਾਜ ਤੋਂ ਬਾਅਦ ਕੁੜੀ ਨੂੰ ਅਲੀਗੜ੍ਹ ਦੇ ਜੇਐਨ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਸੀ। ਇੱਥੇ 28 ਸਤੰਬਰ ਤੱਕ ਉਸ ਦਾ ਇਲਾਜ ਕੀਤਾ ਗਿਆ। ਉੱਥੋਂ ਬਾਅਦ ’ਚ ਉਸ ਨੂੰ ਦਿੱਲੀ ਰੈਫ਼ਰ ਕਰ ਦਿੱਤਾ ਗਿਆ ਸੀ। ਅਗਲੇ ਦਿਨ 29 ਸਤੰਬਰ ਨੂੰ ਸਫ਼ਦਰਜੰਗ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।


ਖੇਤ ਮਾਲਕ ਸੋਮ ਸਿੰਘ ਨੇ ਦੱਸਿਆ ਕਿ ਉਹ ਜੈਪੁਰ ’ਚ ਨੌਕਰੀ ਕਰਦਾ ਹੈ ਪਰ ਕੋਰੋਨਾ ਕਾਰਨ ਪਿੰਡ ਪਰਤ ਆਇਆ ਸੀ। ਉਸ ਨੇ 9 ਵਿੱਘੇ ਦੇ ਖੇਤ ਵਿੱਚ ਬਾਜਰਾ ਲਾਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਿਹਾ ਸੀ ਕਿ ਜੇ ਫ਼ਸਲ ਸਿੰਜੀ ਗਈ, ਤਾਂ ਸਬੂਤ ਖ਼ਤਮ ਹੋ ਜਾਣਗੇ। ਇਸੇ ਲਈ ਸਿੰਜਾਈ ਨਾ ਹੋਣ ਕਾਰਣ ਫ਼ਸਲ ਵਿੱਚ ਦਾਣੇ ਨਹੀਂ ਬਣੇ। ਇੰਝ ਛੇ ਮਹੀਨੇ ਦੀ ਫ਼ਸਲ ਲਈ ਕੀਤੀ ਸਾਰੀ ਮਿਹਨਤ ਬੇਕਾਰ ਚਲੀ ਗਈ। ਉਨ੍ਹਾਂ ਕਿਹਾ ਕਿ ਉਹ ਖੇਤੀਬਾੜੀ ਤੇ ਪਸ਼ੂ ਪਾਲਣ ਰਾਹੀਂ ਆਪਣਾ ਗੁਜ਼ਾਰਾ ਕਰਦੇ ਹਨ, ਇਸ ਲਈ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।


ਕਿਸਾਨ ਸੋਮ ਸਿੰਘ ਦਾ ਛੋਟਾ ਭਰਾ ਵਿਕਰਮ ਉਰਫ਼ ਛੋਟੂ ਇਸ ਕਥਿਤ ਰੇਪ ਦੀ ਘਟਨਾ ਦਾ ਚਸ਼ਮਦੀਦ ਗਵਾਹ ਵੀ ਹੈ। ਸੀਬੀਆਈ ਉਸ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਉਸ ਨੇ ਜਾਂਚ ਏਜੰਸੀ ਨੂੰ ਦੱਸਿਆ ਸੀ ਕਿ ਘਟਨਾ ਵਾਪਰਨ ਵਾਲੇ ਦਿਨ ਉਹ ਖੇਤ ਵਿੱਚ ਚਾਰਾ ਵੱਢ ਰਿਹਾ ਸੀ ਕਿ ਉਸ ਨੂੰ ਚੀਕਾਂ ਦੀ ਆਵਾਜ਼ ਆਈ ਸੀ। ਮੌਕੇ ’ਤੇ ਪੁੱਜ ਕੇ ਵੇਖਿਆ ਤਾਂ ਕੁੜੀ ਖੇਤ ਵਿੱਚ ਪਈ ਸੀ ਤੇ ਉਸ ਦਾ ਭਰਾ ਤਾ ਮਾਂ ਉਸ ਦੇ ਕੋਲ ਸਨ।


ਐੱਸਸੀ/ਐੱਸਟੀ ਐਕਟ ਅਧੀਨ ਕੇਸ ਦਰਜ ਹੋਣ ਕਾਰਣ ਪੀੜਤ ਦੇ ਪਰਿਵਾਰ ਨੂੰ ਪਹਿਲੀ ਕਿਸ਼ਤ ਵਿੱਚ 4 ਲੱਖ 12 ਹਜ਼ਾਰ 500 ਰੁਪਏ ਤੇ ਦੂਜੀ ਕਿਸ਼ਤ ਵਿੱਚ 5 ਲੱਖ 87 ਹਜ਼ਾਰ 500 ਰੁਪਏ ਦਿੱਤੇ ਗਏ ਸਨ। ਇਸ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਹਾਥਰਸ ਵਿੱਚ ਇੱਕ ਮਕਾਨ ਦੇਣ ਦਾ ਭਰੋਸਾ ਵੀ ਦਿੱਤਾ ਜਾ ਚੁੱਕਾ ਹੈ।


ਹਾਥਰਸ ਜ਼ਿਲ੍ਹੇ ਦੇ ਚੰਦਪਾ ਇਲਾਕੇ ਦੇ ਬੁਲਗੜ੍ਹੀ ਪਿੰਡ ਵਿੱਚ 14 ਸਤੰਬਰ ਨੂੰ ਚਾਰ ਜਣਿਆਂ ਨੇ 19 ਸਾਲਾਂ ਦੀ ਇੱਕ ਦਲਿਤ ਕੁੜੀ ਨਾਲ ਗੈਂਗਰੇਪ ਕੀਤਾ ਸੀ। ਮੁਲਜ਼ਮਾਂ ਨੇ ਕੁੜੀ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਜੀਭ ਕੱਟਣ ਦਾ ਦੋਸ਼ ਵੀ ਲਾਇਆ ਸੀ। ਚਾਰੇ ਮੁਲਜ਼ਮ ਜੇਲ੍ਹ ’ਚ ਹਨ ਪਰ ਉੱਧਰ ਪੁਲਿਸ ਦਾ ਦਾਅਵਾ ਹੈ ਕਿ ਕੁੜੀ ਨਾਲ ਜਬਰ ਜਨਾਹ ਨਹੀਂ ਹੋਇਆ।